ਗੁਰੂਹਰਸਹਾਏ, 21 ਫਰਵਰੀ (ਕਪਿਲ ਕੰਧਾਰੀ)-ਗੁਰੂਹਰਸਹਾਏ ਦੇ ਆਦਰਸ਼ ਨਗਰ ਇਲਾਕੇ 'ਚ ਪੀਣ ਵਾਲੇ ਨੂੰ ਲੈ ਕੇ ਗੰਭੀਰ ਸਮੱਸਿਆ ਸਾਹਮਣੇ ਆਈ ਹੈ | ਆਦਰਸ਼ ਨਗਰ 'ਚ ਰਹਿੰਦੇ ਵਸਨੀਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰਾਂ ਵਿਚ ਆ ਰਿਹਾ ਪਾਣੀ ਸੀਵਰੇਜ ਦੇ ਗੰਦੇ ਪਾਣੀ ਨਾਲ ਮਿਲਿਆ ਹੋਇਆ ਹੈ | ਆਦਰਸ਼ ਨਗਰ 'ਚ ਰਹਿੰਦੇ ਗੁਰਚਰਨ ਸਿੰਘ ਸੋਢੀ ਨੇ ਦੱਸਿਆ ਕਿ ਹਰ ਰੋਜ਼ ਜਦ ਸਵੇਰੇ ਪਾਣੀ ਆਉਂਦਾ ਹੈ ਤਾਂ ਪਾਣੀ ਦਾ ਰੰਗ ਮੈਲਾ ਹੁੰਦਾ ਹੈ ਅਤੇ ਪਾਣੀ 'ਚੋਂ ਗੰਦਗੀ ਦੀ ਬਦਬੂ ਆਉਂਦੀ ਹੈ | ਉਨ੍ਹਾਂ ਕਿਹਾ ਕਿ ਮਜਬੂਰੀ ਵੱਸ ਉਨ੍ਹਾਂ ਨੂੰ ਇਹ ਪਾਣੀ ਵਰਤਣਾ ਪੈ ਰਿਹਾ ਹੈ, ਜਿਸ ਨਾਲ ਬੱਚਿਆ ਤੇ ਬਜ਼ੁਰਗਾਂ ਵਿਚ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ | ਆਦਰਸ਼ ਨਗਰ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਕਈ ਵਾਰ ਸੰਬੰਧਿਤ ਵਿਭਾਗ ਤੇ ਪ੍ਰਸ਼ਾਸਨ ਨੂੰ ਇਸ ਬਾਰੇ ਜਾਣੂ ਕਰਵਾ ਚੱੁਕੇ ਹਨ ਪਰ ਅੱਜ ਤੱਕ ਪ੍ਰਸ਼ਾਸਨ ਵਲੋਂ ਕੋਈ ਢੁੱਕਵਾ ਹੱਲ ਨਹੀਂ ਕੱਢਿਆ ਗਿਆ | ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕੇ ਜਲਦ ਉਨ੍ਹਾਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ ਤੇ ਪਾਣੀ ਦੀ ਸਪਲਾਈ ਦੀ ਜਾਂਚ ਕਰਕੇ ਸਾਫ਼ ਪੀਣ ਯੋਗ ਪਾਣੀ ਮੁਹੱਈਆ ਕਰਵਾਇਆ ਜਾਵੇ | ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜੇ ਜਲਦੀ ਕਾਰਵਾਈ ਨਾ ਕੀਤੀ ਗਈ ਤਾਂ ਉਹ ਸੰਘਰਸ਼ ਦਾ ਰਾਹ ਅਖ਼ਤਿਆਰ ਕਰਨੇ |