ਬਠਿੰਡਾ, 21 ਫਰਵਰੀ (ਪ੍ਰੀਤਪਾਲ ਸਿੰਘ ਰੋਮਾਣਾ)- ਸ਼ਹਿਰ ਵਿਚ ਇਕ ਅਜਿਹੇ ਗਰੋਹ ਦਾ ਪਰਦਾਫਾਸ਼ ਹੋਇਆ ਹੈ, ਜੋ ਮਾਸੂਮ ਲੋਕਾਂ ਨੂੰ ਮਦਦ ਕਰਨ ਦੇ ਬਹਾਨੇ ਫਸਾਉਂਦੇ ਸਨ ਅਤੇ ਫਿਰ ਅਸ਼ਲੀਲ ਵੀਡੀਓ ਬਣਾ ਕੇ ਉਨ੍ਹਾਂ ਨੂੰ ਬਲੈਕਮੇਲ ਕਰਦੇ ਸਨ | ਇਸ ਗਰੋਹ ਨੇ ਇਕ ਸਥਾਨਕ ਵਪਾਰੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਸ ਨੂੰ ਆਪਣੇ ਘਰ ਬੁਲਾਇਆ, ਬੰਧਕ ਬਣਾਇਆ ਅਤੇ ਅਸ਼ਲੀਲ ਵੀਡੀਓ ਬਣਾ ਕੇ ਲੱਖਾਂ ਰੁਪਏ ਦੀ ਮੰਗ ਕੀਤੀ ਗਈ | ਪੀੜਤ ਦੀ ਸ਼ਿਕਾਇਤ ਦੇ ਅਧਾਰ 'ਤੇ ਥਾਣਾ ਸਿਵਲ ਲਾਇਨ ਦੀ ਪੁਲਿਸ ਨੇ ਤਿੰਨ ਔਰਤਾਂ ਸਮੇਤ ਪੰਜ ਨੂੰ ਗਿ੍ਫ਼ਤਾਰ ਕੀਤਾ ਹੈ, ਦੇ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ | ਪੁਲਿਸ ਨੂੰ ਬਿਆਨ ਦਰਜ ਕਰਵਾਉਂਦੇ ਹੋਏ ਪੀੜਤ ਕਾਰੋਬਾਰੀ (ਕਾਲਪਨਿਕ ਨਾਮ ਰਤਨ ਕੁਮਾਰ) ਨੇ ਦੱਸਿਆ ਕਿ ਉਸ ਨੂੰ ਇਕ ਅਣਪਛਾਤੇ ਨੰਬਰ ਤੋਂ ਔਰਤ ਦਾ ਫੋਨ ਆਇਆ, ਜਿਸ ਨੇ ਖ਼ੁਦ ਨੂੰ ਮੁਸੀਬਤ 'ਚ ਦੱਸ ਕੇ ਮਦਦ ਮੰਗੀ | ਇਨਸਾਨੀਅਤ ਦੇ ਨਾਤੇ, ਉਹ ਦੰਗਾ ਪੀੜਤ ਕਾਲੋਨੀ 'ਚ ਔਰਤ ਵਲੋਂ ਦੱਸੇ ਹੋਏ ਪਤੇ ਉਪਰ ਪਹੁੰਚ ਗਿਆ | ਉੱਥੇ ਮੌਜੂਦ ਔਰਤ ਨੇ ਉਸ ਨੂੰ ਗੱਲਾਂ 'ਚ ਉਲਝਾ ਕੇ ਕਮਰੇ ਵਿਚ ਬਿਠਾ ਲਿਆ | ਕੁਝ ਹੀ ਦੇਰ ਬਾਅਦ ਕਮਰੇ 'ਚ ਇਕ ਹੋਰ ਔਰਤ ਅਤੇ ਇਕ ਵਿਅਕਤੀ ਦਾਖਲ ਹੋਏ ਅਤੇ ਉਸ ਨਾਲ ਗਾਲੀ-ਗਲੋਚ ਕਰਨ ਲੱਗ ਗਏ | ਉਕਤ ਵਿਅਕਤੀ ਨੇ ਦੋਸ਼ ਲਗਾਏ ਕਿ ਗਰੋਹ ਦੇ ਮੈਂਬਰਾਂ ਨੇ ਜ਼ਬਰਦਸਤੀ ਉਸ ਦੇ ਕੱਪੜੇ ਉਤਰਵਾ ਕੇ ਔਰਤ ਦੇ ਨਾਲ ਅਸ਼ਲੀਲ ਵੀਡੀਓ ਬਣਾ ਲਈ ਅਤੇ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੰਦੇ ਹੋਏ ਦੋ ਲੱਖ ਰੁਪਏ ਦੀ ਮੰਗ ਕੀਤੀ ਗਈ | ਡਰ ਕਾਰਨ ਪੀੜਤ ਨੇ ਮੌਕੇ 'ਤੇ ਹੀ ਕੁਝ ਨਕਦੀ ਦੇ ਦਿੱਤੀ ਅਤੇ ਉਸ ਨੇ ਕਿਸੇ ਤਰ੍ਹਾਂ ਆਪਣਾ ਮੋਬਾਇਲ ਫੋਨ ਅਤੇ ਸਕੂਟਰ ਉੱਥੇ ਛੱਡ ਕੇ ਆਪਣੀ ਜਾਨ ਬਚਾਈ | ਇਸ ਦੇ ਬਾਅਦ ਹੀ ਮੁਲਜ਼ਮ ਲਗਾਤਾਰ ਪੈਸੇ ਦੇ ਲਈ ਦਬਾਅ ਬਣਾਉਂਦੇ ਰਹੇ, ਜਿਸ 'ਤੇ ਪੀੜਤ ਨੇ ਪੁਲਿਸ ਨਾਲ ਸੰਪਰਕ ਕੀਤਾ ਗਿਆ | ਮਾਮਲੇ ਦੀ ਪੁਸ਼ਟੀ ਕਰਦੇ ਹੋਏ ਥਾਣਾ ਸਿਵਲ ਲਾਇਨ ਦੇ ਐਸ.ਐਚ.ਓ. ਇੰਸਪੈਕਟਰ ਰਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਅਧਾਰ 'ਤੇ ਬਬਲੀ, ਪਰਮਜੀਤ ਕੌਰ, ਖੁਸ਼ਪ੍ਰੀਤ ਕੌਰ, ਜਸਵੀਰ ਸਿੰਘ ਅਤੇ ਕਰਨ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ, ਦੇ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਉਕਤ ਮੁਲਜ਼ਮਾਂ ਕੋਲੋਂ ਗਹਿਰਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਕਿ ਉਨ੍ਹਾਂ ਨੇ ਹੁਣ ਤੱਕ ਕਿੰਨੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਗਿਆ ਹੈ ਤੇ ਇਸ ਗਰੋਹ 'ਚ ਹੋਰ ਕਿੰਨੇ ਲੋਕ ਸ਼ਾਮਿਲ ਹਨ |