ਮਾਨਸਾ, 21 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)- ਕੈਨਾਲ ਵਾਟਰ ਯੂਜਰ ਐਸੋਸੀਏਸ਼ਨ ਦੀ ਮੀਟਿੰਗ ਪ੍ਰਧਾਨ ਜਸਵੀਰ ਸਿੰਘ ਫਫੜੇ ਦੀ ਅਗਵਾਈ 'ਚ ਪਿੰਡ ਫਫੜੇ ਭਾਈਕੇ ਵਿਖੇ ਹੋਈ | ਐਸੋਸੀਏਸ਼ਨ ਦੇ ਖ਼ਜ਼ਾਨਚੀ ਦਰਸ਼ਨ ਸਿੰਘ ਗੁਰਨੇ ਕਲਾਂ ਨੇ ਦੱਸਿਆ ਕਿ ਇਸ ਮੌਕੇ ਭੀਖੀ ਰਜਬਾਹਾ ਦੇ ਇਕ ਨਹਿਰੀ ਮੋਘੇ ਸਬੰਧੀ ਵਿਚਾਰਾਂ ਕੀਤੀਆਂ ਗਈਆਂ | ਉਨ੍ਹਾਂ ਦੱਸਿਆ ਕਿ 2023 ਤੋਂ 5 ਪਿੰਡਾਂ ਦੇ ਕਿਸਾਨ ਪੰਜਾਬ ਸਰਕਾਰ ਅਤੇ ਭੂਮੀ ਰੱਖਿਆ ਵਿਭਾਗ ਤੋਂ ਪਾਈਪ ਲਾਈਨ ਪਾਉਣ ਦੀ ਮੰਗ ਕਰਦੇ ਆ ਰਹੇ ਹਨ | ਇਸ ਸਬੰਧੀ ਮੁੱਖ ਮੰਤਰੀ, ਵਿੱਤ ਮੰਤਰੀ ਤੇ ਜਲ ਸਰੋਤ ਮੰਤਰੀ ਤੱਕ ਪਹੁੰਚ ਕੀਤੀ ਗਈ | ਉਨ੍ਹਾਂ ਦੱਸਿਆ ਕਿ ਮੁੱਖ ਭੂਮੀ ਪਾਲ ਪੰਜਾਬ ਦੇ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਫ਼ੰਡਾਂ ਦੀ ਘਾਟ ਕਰ ਕੇ ਮੋਘਾ ਨਹੀਂ ਬਣ ਸਕਿਆ ਅਤੇ ਆਉਂਦੇ ਬਜਟ 'ਚ ਮਸਲੇ ਦਾ ਹੱਲ ਕਰਨ ਦਾ ਭਰੋਸਾ ਦਿਵਾਇਆ | ਕਿਸਾਨਾਂ ਕਮੇਟੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਮੋਘਾ ਨੰਬਰ 75950 ਲਈ ਫ਼ੰਡ ਜਾਰੀ ਕਰ ਕੇ 65 ਸਾਲਾਂ ਤੋਂ ਨਹਿਰੀ ਪਾਣੀ ਨੂੰ ਤਰਸ ਰਹੇ ਕਿਸਾਨਾਂ ਦੀ ਖੇਤੀ ਲਈ ਸਿੰਚਾਈ ਦਾ ਯੋਗ ਪ੍ਰਬੰਧ ਕੀਤਾ ਜਾਵੇ | ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਹਲਕਾ ਬੁਢਲਾਡਾ ਦੇ ਵਿਧਾਇਕ ਬੁੱਧ ਰਾਮ ਦਾ ਵਿਸ਼ੇਸ਼ ਸਹਿਯੋਗ ਮਿਲਿਆ ਹੈ, ਜਿਨ੍ਹਾਂ ਦੀ ਸਿਫ਼ਾਰਸ਼ 'ਤੇ ਮੋਘੇ ਨੂੰ ਮਨਜ਼ੂਰੀ ਮਿਲੀ ਹੈ | ਇਸ ਮੌਕੇ ਗੁਰਨਾਮ ਸਿੰਘ ਬੋੜਾਵਾਲ, ਜਤਿੰਦਰ ਸਿੰਘ ਬੱਬੂ, ਬਿੱਲੂ ਸਿੰਘ ਗੁਰਨੇ ਖ਼ੁਰਦ, ਜਗਜੀਵਨ ਸਿੰਘ ਹਸਨਪੁਰ, ਜਸਰਾਮ ਸਿੰਘ, ਗੁਰਦਰਸ਼ਨ ਸਿੰਘ, ਤੇਜ਼ ਸਿੰਘ, ਬਾਬੂ ਸਿੰਘ, ਬਹਾਦਰ ਸਿੰਘ, ਜਗਜੀਵਨ ਸਿੰਘ, ਰਾਮ ਸਿੰਘ, ਹਾਕਮ ਸਿੰਘ, ਚਮਕੌਰ ਸਿੰਘ, ਗੁਰਸੇਵਕ ਸਿੰਘ, ਸੁਖਵਿੰਦਰ ਸਿੰਘ, ਹਰਵਿੰਦਰ ਸਿੰਘ ਟਿਵਾਣਾ, ਪਵਨ ਸਿੰਘ ਆਦਿ ਹਾਜ਼ਰ ਸਨ |