ਜੋਗਾ, 25 ਫਰਵਰੀ (ਘੜੈਲੀ)- ਮਾਈ ਭਾਗੋ ਕਾਲਜ ਰੱਲਾ ਵਿਖੇ 7 ਰੋਜ਼ਾ ਐਨ.ਐਸ.ਐਸ. ਕੈਂਪ ਲਗਾਇਆ ਗਿਆ | ਉਦਘਾਟਨੀ ਸਮਾਰੋਹ ਮੌਕੇ ਪ੍ਰੋਗਰਾਮ ਅਫ਼ਸਰ ਸ਼ਰਨਜੀਤ ਸਿੰਘ ਨੇ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਕੈਂਪ ਦੇ ਉਦੇਸ਼ਾਂ ਅਤੇ ਸਮੁੱਚੇ ਵੇਰਵਿਆਂ 'ਤੇ ਚਾਨਣਾ ਪਾਇਆ | ਫ਼ਤਿਹ ਕਾਲਜ ਰਾਮਪੁਰਾ ਦੇ ਚੇਅਰਮੈਨ ਸੁਖਮੰਦਰ ਸਿੰਘ ਚੱਠਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਕਿਹਾ ਕਿ ਐਨ.ਐਸ.ਐਸ. ਕੇਵਲ ਗਤੀਵਿਧੀ ਨਹੀਂ, ਸਗੋਂ ਇੱਕ ਜੀਵਨ-ਦਿ੍ਸ਼ਟੀ ਹੈ ਜੋ ਨੌਜਵਾਨਾਂ ਨੂੰ ਸਮਾਜਿਕ ਜ਼ਿੰਮੇਵਾਰੀਆਂ ਨਾਲ ਜੋੜਦੀ ਹੈ | ਉਨ੍ਹਾਂ ਦੱਸਿਆ ਕਿ ਐਨ.ਐਸ.ਐਸ. ਦਾ ਮੂਲ ਮੰਤਰ 'ਨੌਟ ਮੀ, ਬੱਟ ਯੂ' ਵਿਦਿਆਰਥੀਆਂ 'ਚ ਨਿਸ਼ਕਾਮ ਸੇਵਾ, ਸਹਿਯੋਗ ਅਤੇ ਪਰਉਪਕਾਰ ਦੀ ਭਾਵਨਾ ਨੂੰ ਮਜ਼ਬੂਤ ਕਰਦਾ ਹੈ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਕੈਂਪ ਦੌਰਾਨ ਸਫ਼ਾਈ ਅਭਿਆਨ, ਰੁੱਖ ਲਗਾਉਣ, ਨਸ਼ਾ-ਮੁਕਤੀ ਜਾਗਰੂਕਤਾ ਅਤੇ ਪਿੰਡਾਂ 'ਚ ਸਿੱਖਿਆ ਸੰਬੰਧੀ ਜਾਗਰੂਕਤਾ ਵਰਗੀਆਂ ਗਤੀਵਿਧੀਆਂ ਰਾਹੀਂ ਸਮਾਜ 'ਚ ਸਕਾਰਾਤਮਕ ਬਦਲਾਅ ਲਿਆਇਆ ਜਾ ਸਕਦਾ ਹੈ | ਸੰਸਥਾ ਦੇ ਚੇਅਰਮੈਨ ਡਾ. ਬਲਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਐਨ.ਐਸ.ਐਸ. ਕੈਂਪ ਵਿਦਿਆਰਥੀਆਂ ਨੂੰ ਸਿਧਾਂਤ ਅਤੇ ਵਿਵਹਾਰ ਵਿਚਕਾਰ ਪੁਲ ਬਣਾਉਣ ਦਾ ਮੌਕਾ ਪ੍ਰਦਾਨ ਕਰਦਾ ਹੈ | ਕੈਂਪ ਦੇ ਦੂਜੇ ਸੈਸ਼ਨ ਦੌਰਾਨ ਸਹਾਇਕ ਪ੍ਰੋਫੈਸਰ ਸ਼ਮਸ਼ੇਰ ਸਿੰਘ ਨੇ 7 ਰੋਜ਼ਾ ਕੈਂਪ ਦੌਰਾਨ ਕਰਵਾਈਆਂ ਜਾਣ ਵਾਲੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਇਸ ਮੌਕੇ ਸਕੱਤਰ ਮਨਜੀਤ ਸਿੰਘ, ਪ੍ਰੋਗਰਾਮ ਅਫ਼ਸਰ ਪਰਗਟ ਸਿੰਘ, ਪਰਮਜੀਤ ਕੌਰ ਅਤੇ ਲਖਬੀਰ ਕੌਰ ਨੇ ਵੀ ਸੰਬੋਧਨ ਕੀਤਾ |