ਬਠਿੰਡਾ, 26 ਫ਼ਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਮੁੱਖ ਖੇਤੀਬਾੜੀ ਅਫ਼ਸਰ ਬਠਿੰਡਾ ਡਾ. ਹਰਬੰਸ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤੇ ਪ੍ਰਾਜੈਕਟ ਡਾਇਰੈਕਟਰ ਆਤਮਾ ਬਠਿੰਡਾ ਡਾ. ਤੇਜਦੀਪ ਕੌਰ ਬੋਪਾਰਾਏ ਦੀ ਅਗਵਾਈ ਹੇਠ ਰਾਸ਼ਟਰੀ ਕਿ੍ਸ਼ੀ ਵਿਕਾਸ ਯੋਜਨਾ ਤੇ ਆਤਮਾ ਸਕੀਮ ਹੇਠ 'ਰਿਜਨਰੇਟਿਵ ਐਗ੍ਰੀਕਲਚਰ-ਇਕ ਕੁਦਰਤੀ ਖੇਤੀ ਪੱਧਤੀ' ਵਿਸ਼ੇ 'ਤੇ ਚਾਰ ਰੋਜ਼ਾ ਸਿਖ਼ਲਾਈ ਪ੍ਰੋਗਰਾਮ ਖੇਤੀ ਭਵਨ ਵਿਖੇ ਕਰਵਾਇਆ | ਮੁੱਖ ਖੇਤੀਬਾੜੀ ਅਫਸਰ ਡਾ. ਹਰਬੰਸ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਸਿਖਲਾਈ ਪ੍ਰੋਗਰਾਮ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਰਿਜਨਰੇਟਿਵ (ਮੁੜ ਸੁਰਜੀਤ) ਅਤੇ ਕੁਦਰਤੀ ਖੇਤੀ ਪ੍ਰਣਾਲੀਆਂ ਬਾਰੇ ਜਾਗਰੂਕ ਕਰਨਾ, ਮਿੱਟੀ ਦੀ ਸਿਹਤ ਨੂੰ ਸੁਧਾਰਨਾ ਅਤੇ ਖੇਤੀ ਨੂੰ ਟਿਕਾਊ ਅਤੇ ਲਾਭਕਾਰੀ ਬਣਾਉਣਾ ਹੈ | ਸਿਖ਼ਲਾਈ ਦੌਰਾਨ ਕਿ੍ਸ਼ੀ ਵਿਗਿਆਨ ਕੇਂਦਰ ਦੇ ਮਾਹਿਰਾਂ ਡਾ. ਤੇਜਬੀਰ ਸਿੰਘ ਬੁੱਟਰ, ਡਾ. ਪ੍ਰੀਤਪਾਲ ਸਿੰਘ, ਡਾ. ਨਵਨੀਤ ਕੌਰ, ਡਾ. ਜਸਰੀਤ ਕੌਰ ਤੇ ਡਾ. ਗੁਰਦੀਪ ਸਿੰਘ ਵਲੋਂ ਮੁੜ ਸੁਰਜੀਤ ਖੇਤੀ ਦੇ ਨਿਯਮਾਂ, ਮਿੱਟੀ ਦੀ ਸਿਹਤ ਅਤੇ ਮਿੱਟੀ ਜੀਵ ਵਿਗਿਆਨ, ਸੋਇਲ ਹੈਲਥ ਕਾਰਡ ਦੀ ਵਿਆਖਿਆ, ਫਸਲ ਯੋਜਨਾ, ਜੈਵਿਕ ਪੋਸ਼ਕ ਪ੍ਰਬੰਧਨ (ਜੀਵਾਮਿ੍ਤ, ਬੀਜਾਮਿ੍ਤ, ਵਰਮੀਕੰਪੋਸਟ), ਕੁਦਰਤੀ ਕੀਟ ਤੇ ਰੋਗ ਪ੍ਰਬੰਧਨ ਅਤੇ ਰਿਜਨਰੇਟਿਵ ਖੇਤੀ ਦੀ ਅਰਥਸ਼ਾਸ਼ਤਰ ਬਾਰੇ ਜਾਣਕਾਰੀ ਦਿੱਤੀ | ਪ੍ਰੋਗਰਾਮ ਦੇ ਆਖ਼ਰੀ ਦਿਨ ਸਮਾਗਮ 'ਚ ਭਾਗ ਲੈਣ ਵਾਲਿਆਂ ਨੂੰ ਸੋਹਨਗੜ੍ਹ ਨੈਚਰਲ ਫਾਰਮ ਦਾ ਦੌਰਾ ਕਰਵਾਇਆ ਗਿਆ, ਜਿਥੇ ਉਨ੍ਹਾਂ ਨੇ ਕੁਦਰਤੀ ਖੇਤੀ ਦੇ ਸਫ਼ਲ ਮਾਡਲਾਂ ਨੂੰ ਨਜ਼ਦੀਕੋਂ ਵੇਖਿਆ | ਇਸ ਮੌਕੇ ਸਟੇਜ ਸੰਚਾਲਨ ਡਿਪਟੀ ਪ੍ਰੋਜੈਕਟ ਡਾਇਰੈਕਟਰ ਆਤਮਾ ਨਰੇਂਦਰ ਗੋਦਾਰਾ ਤੇ ਬੀ. ਟੀ. ਐਮ. ਕਨਵਲਜੀਤ ਸਿੰਘ ਵਲੋਂ ਕੀਤਾ ਗਿਆ |