ਬਰੇਟਾ, 26 ਫਰਵਰੀ (ਪਾਲ ਸਿੰਘ ਮੰਡੇਰ)-ਪੰਜਾਬ ਸਰਕਾਰ ਵਲੋਂ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦੀ ਮੁਹਿੰਮ ਤਹਿਤ ਸਮੇਂ-ਸਮੇਂ 'ਤੇ ਸਖ਼ਤ ਹੁਕਮ ਕੀਤੇ ਜਾ ਰਹੇ ਹਨ | ਬਰੇਟਾ ਵਿਖੇ ਲੋਕਾਂ ਵਲੋਂ ਬੀਬੜੀਆਂ ਵਾਲੇ ਬੱਸ ਅੱਡੇ ਦੇ ਸਾਹਮਣੇ ਰੂੜੀਆਂ ਲਗਾ ਕੇ ਨਗਰ ਕੌਂਸਲ ਦੀ ਜਗ੍ਹਾ 'ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਸੀ ਪਰ ਉੱਚ ਅਧਿਕਾਰੀਆਂ ਵਲੋਂ ਸੂਚਿਤ ਕਰਨ ਦੇ ਬਾਵਜੂਦ ਇਸ ਸਮੱਸਿਆ ਦਾ ਹੱਲ ਨਹੀਂ ਹੋਇਆ ਅਤੇ ਪ੍ਰਸ਼ਾਸਨ ਵਲੋਂ ਵਾਰ ਵਾਰ ਸੂਚਿਤ ਕਰਨ ਦੇ ਬਾਵਜੂਦ ਬਰੇਟਾ 'ਚ ਹੋਰ ਥਾਵਾਂ 'ਤੇ ਵੀ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਹੈ | ਪੰਜਾਬ ਸਰਕਾਰ ਨੇ ਬਰੇਟਾ ਵਿਖੇ ਮੁਹੱਲਾ ਕਲੀਨਿਕ ਬਣਾਉਣ ਲਈ ਜਗ੍ਹਾ ਨਗਰ ਕੌਂਸਲ ਬਰੇਟਾ ਨੂੰ ਸੂਚਿਤ ਕੀਤਾ ਤਾਂ ਸਾਰੇ ਕੌਂਸਲਰਾਂ ਨੇ ਮਤਾ ਪਾਸ ਕਰ ਕੇ ਇਸ ਜਗ੍ਹਾ ਨੂੰ ਚੁਣਿਆ, ਜਿਸ ਦੇ ਚੱਲਦਿਆਂ ਬਰੇਟਾ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਸਿਕੰਦਰ ਸਿੰਘ ਵਲੋਂ ਪੁਲਿਸ ਦੇ ਸਹਿਯੋਗ ਨਾਲ ਥਾਣਾ ਮੁਖੀ ਮੇਲਾ ਸਿੰਘ ਦੀ ਅਗਵਾਈ 'ਚ ਮਿਊਾਸੀਪਲ ਕਮੇਟੀ ਦੀ ਜਗ੍ਹਾ ਤੋਂ ਨਾਜਾਇਜ਼ ਕਬਜ਼ਾ ਛੁਡਵਾਇਆ | ਨਗਰ ਕੌਂਸਲ ਦੇ ਕਰਮਚਾਰੀ ਨੀਲ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਬਜ਼ਾ ਧਾਰਕਾਂ ਦੇ ਵਿਰੋਧ ਕਰਨ ਦੇ ਬਾਵਜੂਦ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਮਿਊਾਸੀਪਲ ਕਮੇਟੀ ਦੀ ਤਕਰੀਬਨ ਢਾਈ ਕਨਾਲ ਜਗ੍ਹਾ ਤੋਂ ਕਬਜਾ ਛੁਡਵਾਇਆ | ਇਸ ਮੌਕੇ ਨਗਰ ਕੌਂਸਲ ਦੇ ਕਰਮਚਾਰੀ ਤੇ ਭਾਰੀ ਗਿਣਤੀ ਵਿਚ ਪੁਲਿਸ ਪਾਰਟੀ ਮੌਜੂਦ ਸੀ |