ਮਾਨਸਾ, 3 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)- ਪੰਜਾਬ ਸਰਕਾਰ ਦਿੱਲੀ ਕਿਸਾਨ ਅੰਦੋਲਨ 2020-21 ਦੇ ਸ਼ਹੀਦਾਂ ਦੇ ਵਾਰਸਾਂ ਦੀ ਬਾਂਹ ਫੜਨ ਲਈ ਵਚਨਬੱਧ ਹੈ | ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੁਣ ਤੱਕ 350 ਤੋਂ ਵਧੇਰੇ ਪਰਿਵਾਰ ਦੇ ਵਾਰਸਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ | ਇਹ ਪ੍ਰਗਟਾਵਾ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਆਪਣੀ ਚੰਡੀਗੜ੍ਹ ਰਿਹਾਇਸ਼ ਵਿਖੇ ਜ਼ਿਲ੍ਹੇ ਦੇ ਸ਼ਹੀਦ ਕਿਸਾਨਾਂ ਦੇ ਵਾਰਸਾਂ ਨਾਲ ਮਿਲਣੀ ਮੌਕੇ ਕੀਤਾ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਵਲੋਂ ਬਿਨਾਂ ਕਿਸੇ ਰਿਸ਼ਵਤ ਅਤੇ ਭੇਦਭਾਵ ਦੇ ਨੌਕਰੀਆਂ ਦਿੱਤੀਆਂ ਗਈਆਂ ਹਨ | ਸ: ਖੁੱਡੀਆਂ ਨੇ ਭਰੋਸਾ ਦਿੱਤਾ ਕਿ ਜੋ ਵੀ ਨੌਕਰੀਆਂ ਸਬੰਧੀ ਕੇਸ ਪਾਸ ਹੋਏ ਹਨ, ਉਹ ਵੀ ਅਗਲੇ ਹਫ਼ਤੇ ਤੱਕ ਕਲੀਅਰ ਕਰ ਦਿੱਤੇ ਜਾਣਗੇ | ਕਿਸਾਨ ਬਲਵੀਰ ਸਿੰਘ ਭੱਠਲ ਨੇ ਪਰਿਵਾਰਾਂ ਦੀਆਂ ਰਹਿੰਦੀਆਂ ਮੰਗਾਂ ਬਾਰੇ ਚਰਚਾ ਕੀਤੀ ਅਤੇ ਕੈਬਨਿਟ ਮੰਤਰੀ ਨੇ ਭਰੋਸਾ ਦਿਵਾਇਆ ਕਿ ਸਾਰੀਆਂ ਮੰਗਾਂ ਜਲਦ ਪੂਰੀਆਂ ਕਰ ਦਿੱਤੀਆਂ ਜਾਣਗੀਆਂ | ਇਸ ਮੌਕੇ ਗਿਆਨ ਸਿੰਘ ਦੋਦੜਾ, ਇੰਦਰਜੀਤ ਸਿੰਘ ਸਿਵੀਆਂ, ਲੱਖਾ ਸਿੰਘ, ਬਾਦਲ ਸਿੰਘ, ਇੰਦਰਜੀਤ ਸਰਾਂ ਆਦਿ ਪਤਵੰਤੇ ਹਾਜ਼ਰ ਸਨ |