ਬਠਿੰਡਾ, 6 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਬਠਿੰਡਾ ਵਲੋਂ ਵਿਦਿਆਰਥਣਾਂ ਲਈ ਸੈਲਫ ਡਿਫੈਂਸ ਟਰੇਨਿੰਗ ਸੈਸ਼ਨ ਕਰਵਾਇਆ ਗਿਆ | ਇਸ ਟਰੇਨਿੰਗ ਦਾ ਮੁੱਖ ਮਕਸਦ ਲੜਕੀਆਂ ਨੂੰ ਆਪਣੀ ਸੁਰੱਖਿਆ ਬਾਰੇ ਜਾਗਰੂਕ ਕਰਨਾ ਅਤੇ ਉਨ੍ਹਾਂ ਵਿਚ ਆਤਮ-ਵਿਸ਼ਵਾਸ ਪੈਦਾ ਕਰਨਾ ਸੀ | ਸੈਸ਼ਨ ਦੀ ਸ਼ੁਰੂਆਤ ਵਿਦਿਆਰਥੀ ਭਲਾਈ ਸੈੱਲ ਦੇ ਕੋਆਰਡੀਨੇਟਰ ਡਾ. ਜਸਵਿੰਦਰ ਸਿੰਘ ਦੇ ਸਵਾਗਤੀ ਭਾਸ਼ਣ ਨਾਲ ਹੋਈ | ਉਨ੍ਹਾਂ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਲੜਕੀਆਂ ਲਈ ਸੈਲਫ਼ ਡਿਫੈਂਸ ਦੀ ਟਰੇਨਿੰਗ ਬਹੁਤ ਜ਼ਰੂਰੀ ਹੈ ਤਾਂ ਜੋ ਉਹ ਹਰ ਕਿਸਮ ਦੀ ਅਣਚਾਹੀ ਸਥਿਤੀ ਦਾ ਡਟ ਕੇ ਸਾਹਮਣਾ ਕਰ ਸਕਣ | ਇਸ ਮੌਕੇ ਬਾਬਾ ਫ਼ਰੀਦ ਕਾਲਜ ਆਫ਼ ਐਜ਼ੂਕੇਸ਼ਨ ਦੇ ਪਿ੍ੰਸੀਪਲ ਡਾ. ਮੰਗਲ ਸਿੰਘ ਅਤੇ ਵਿਦਿਆਰਥੀ ਭਲਾਈ ਸੈੱਲ ਦੇ ਕੋਆਰਡੀਨੇਟਰ ਡਾ. ਜਸਵਿੰਦਰ ਸਿੰਘ ਵਲੋਂ ਟਰੇਨਿੰਗ ਟੀਮ ਨੂੰ ਸਨਮਾਨਿਤ ਕੀਤਾ | ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਲੜਕੀਆਂ ਨੂੰ ਮਜ਼ਬੂਤ ਅਤੇ ਆਤਮ-ਨਿਰਭਰ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਡਾ: ਨਰਿੰਦਰ ਸਿੰਘ ਨੇ ਸਭਨਾਂ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਇਹ ਸੈਸ਼ਨ ਵਿਦਿਆਰਥਣਾਂ ਲਈ ਬਹੁਤ ਲਾਭਕਾਰੀ ਸਾਬਤ ਹੋਇਆ ਹੈ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਜਾਣਗੇ |