ਮਾਨਸਾ, 8 ਮਾਰਚ (ਰਾਵਿੰਦਰ ਸਿੰਘ ਰਵੀ)-ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਅਪੈਕਸ ਕਲੱਬ ਮਾਨਸਾ ਵਲੋਂ ਯੂ.ਪੀ.ਐਸ.ਸੀ. ਦੀ ਪ੍ਰੀਖਿਆ ਪਾਸ ਕਰਨ ਵਾਲੀ ਪਿੰਡ ਧਲੇਵਾਂ ਦੀ ਮਨਪ੍ਰੀਤ ਕੌਰ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਕਲੱਬ ਪ੍ਰਧਾਨ ਸੰਜੀਵ ਪਿੰਕਾ ਤੇ ਸਕੱਤਰ ਕਮਲ ਗਰਗ ਨੇ ਦੱਸਿਆ ਕਿ ਉਹ ਸਾਧਾਰਨ ਕਿਸਾਨ ਪਰਿਵਾਰ ਦੀ ਇਕਲੌਤੀ ਧੀ ਹੈ, ਜਿਸ ਨੇ ਵੱਕਾਰੀ ਪ੍ਰੀਖਿਆ ਪਾਸ ਕਰਦਿਆਂ 136ਵਾਂ ਰੈਂਕ ਹਾਸਲ ਕੀਤਾ ਹੈ | ਉਨ੍ਹਾਂ ਪਰਿਵਾਰ ਨੂੰ ਮੁਬਾਰਕਬਾਦ ਦਿੰਦਿਆਂ ਉਸ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ | ਉਪ ਪ੍ਰਧਾਨ ਅਸ਼ਵਨੀ ਜਿੰਦਲ ਨੇ ਕਿਹਾ ਕਿ ਇਹ ਪ੍ਰੀਖਿਆ ਪਾਸ ਕਰ ਕੇ ਉਸ ਨੇ ਪਿੰਡ ਧਲੇਵਾਂ ਤੇ ਜ਼ਿਲੇ੍ਹ ਦਾ ਨਾਂਅ ਰੌਸ਼ਨ ਕੀਤਾ ਹੈ | ਮਨਪ੍ਰੀਤ ਕੌਰ ਨੇ ਕਿਹਾ ਕਿ ਬਚਪਨ ਤੋਂ ਹੀ ਉਸ ਦਾ ਸੁਪਨਾ ਸੀ ਕਿ ਉਹ ਉੱਚ ਅਧਿਕਾਰੀ ਬਣ ਕੇ ਦੇਸ਼ ਦੀ ਸੇਵਾ ਕਰੇ | ਉਸ ਨੇ ਦੱਸਿਆ ਕਿ ਮਾਤਾ-ਪਿਤਾ ਅਤੇ ਸਨੇਹੀਆਂ ਦੇ ਸਹਿਯੋਗ ਸਦਕਾ ਹੀ ਉਹ ਸਫਲ ਹੋਈ ਹੈ | ਇਸ ਮੌਕੇ ਸ਼ਾਮ ਲਾਲ ਧਲੇਵਾਂ, ਧੀਰਜ ਬਾਂਸਲ, ਭੁਪੇਸ਼ ਜਿੰਦਲ, ਰਾਧੇ ਸ਼ਿਆਮ, ਅਨਿਲ ਗਰਗ, ਸੰਭਵ ਜੈਨ, ਸਰਪੰਚ ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ |