ਮਾਨਸਾ, 9 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)- ਦਵਿੰਦਰ ਸਿੰਘ ਵਾਸੀ ਹਸਨਪੁਰ ਦੇ ਕਾਤਲਾਂ ਦੀ ਗਿ੍ਫ਼ਤਾਰੀ ਦੀ ਮੰਗ ਨੂੰ ਲੈ ਕੇ ਨਰਿੰਦਰਪੁਰਾ ਪੁਲਿਸ ਚੌਕੀ ਅੱਗੇ ਧਰਨਾ ਦੂਜੇ ਦਿਨ ਵੀ ਧਰਨਾ ਜਾਰੀ ਰਿਹਾ | ਬੁਲਾਰਿਆਂ ਨੇ ਕਿਹਾ ਕਿ ਭਾਵੇਂ 3 ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਸੀ ਪਰ ਹਾਲੇ ਤੱਕ 2 ਜਣਿਆਂ ਦੀ ਗਿ੍ਫ਼ਤਾਰੀ ਪ੍ਰਤੀ ਪੁਲਿਸ ਗੰਭੀਰ ਨਹੀਂ ਹੈ | ਉਨ੍ਹਾਂ ਕਿਹਾ ਕਿ ਜੇਕਰ ਕਥਿਤ ਦੋਸ਼ੀਆਂ ਨੂੰ ਜਲਦ ਗਿ੍ਫ਼ਤਾਰ ਨਾ ਕੀਤਾ ਗਿਆ ਤਾਂ 11 ਮਾਰਚ ਨੂੰ ਭੀਖੀ ਰੋਡ 'ਤੇ ਗੁਰਨੇ ਖ਼ੁਰਦ ਬਿਆਸ ਡੇਰੇ ਕੋਲ ਸੜਕ ਜਾਮ ਕੀਤੀ ਜਾਵੇਗੀ, ਜਦਕਿ ਚੌਕੀ ਅੱਗੇ ਧਰਨਾ ਨਿਰੰਤਰ ਜਾਰੀ ਰਹੇਗਾ | ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਨੌਜਵਾਨ ਦਵਿੰਦਰ ਸਿੰਘ ਨੇ ਖ਼ੁਦਕੁਸ਼ੀ ਕਰ ਲਈ ਸੀ | ਖ਼ੁਦਕੁਸ਼ੀ ਨੋਟ 'ਤੇ ਵੀਡੀਓ 'ਚ ਦੋਸ਼ ਲਗਾਇਆ ਸੀ ਕਿ ਉਸ ਦੀ ਮੌਤ ਲਈ ਪਿੰਡ ਬਰਨਾਲਾ ਦੇ ਵਿਅਕਤੀ ਅਤੇ ਹੋਰ ਪਰਿਵਾਰ ਦੇ ਮੈਂਬਰ ਜ਼ਿੰਮੇਵਾਰ ਹਨ | ਇਸ ਮੌਕੇ ਭਾਕਿਯੂ ਡਕੌਂਦਾ (ਧਨੇਰ) ਦੇ ਤਾਰਾ ਚੰਦ ਬਰੇਟਾ, ਸੱਤਪਾਲ ਸਿੰਘ ਬਰ੍ਹੇ, ਦੇਵੀਰਾਮ ਰੰਘੜਿਆਲ, ਤੇਜਰਾਮ ਅਹਿਮਦਪੁਰ, ਭਾਕਿਯੂ ਉਗਰਾਹਾਂ ਦੇ ਅਮਨਜੀਤ ਸਿੰਘ ਜੀਤੀ ਤੇ ਬੂਟਾ ਸਿੰਘ ਗੁਰਨੇ ਖ਼ੁਰਦ, ਪੰਜਾਬ ਕਿਸਾਨ ਯੂਨੀਅਨ ਦੇ ਜਗਸੀਰ ਸਿੰਘ, ਐਕਸ਼ਨ ਕਮੇਟੀ ਹਸਨਪੁਰ ਦੇ ਜਗਦੀਸ਼ ਸਿੰਘ, ਅਮਰਿੰਦਰ ਸਿੰਘ, ਪਵਨ ਸਿੰਘ, ਮੱਖਣ ਸਿੰਘ ਆਦਿ ਹਾਜ਼ਰ ਸਨ |