ਬਠਿੰਡਾ, 27 ਮਾਰਚ (ਸੱਤਪਾਲ ਸਿੰਘ ਸਿਵੀਆਂ)-ਦਲਿਤ ਸੈਨਾ ਪੰਜਾਬ ਨੇ ਥਾਣਾ ਰਾਮਾਂ ਦੀ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਖਿਲਾਫ਼ ਅਤੇ ਪਿੰਡ ਕੋਟ ਬਖਤੂ ਦੇ ਪੀੜਤ ਦਲਿਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ 6 ਅਪ੍ਰੈਲ ਨੂੰ ਥਾਣਾ ਰਾਮਾਂ ਮੂਹਰੇ ਧਰਨਾ ਲਗਾਉਣ ਦਾ ਐਲਾਨ ਕੀਤਾ ਹੈ | ਦਲਿਤ ਸੈਨਾ ਪੰਜਾਬ ਦੇ ਸੂਬਾ ਪ੍ਰਧਾਨ ਗੁਰਤੇਜ ਸਿੰਘ ਜੋਧਪੁਰੀ ਅਤੇ ਯੂਥ ਪ੍ਰਧਾਨ ਅਮਨਦੀਪ ਸਿੰਘ ਸਿਵੀਆਂ ਨੇ ਦੱਸਿਆ ਕਿ ਪਿੰਡ ਚੱਕ ਬਖਤੂ ਦੇ ਕ੍ਰਿਸ਼ਨ ਸਿੰਘ ਦੀ ਕੁਝ ਵਿਅਕਤੀਆਂ ਨੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਸੀ, ਜਿਨ੍ਹਾਂ ਦੇ ਖਿਲਾਫ਼ ਪਿਛਲੇ ਜਨਵਰੀ ਮਹੀਨੇ ਵਿਚ ਐੱਸ.ਸੀ. ਐਕਟ ਅਤੇ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਰਾਮਾਂ ਵਿਖੇ ਮੁਕੱਦਮਾ ਦਰਜ ਹੋਇਆ ਸੀ ਪਰ ਪੁਲਿਸ ਨੇ ਕਥਿਤ ਦੋਸ਼ੀਆਂ ਨੂੰ ਅਜੇ ਤੱਕ ਗਿ੍ਫ਼ਤਾਰ ਨਹੀਂ ਕੀਤਾ ਹੈ | ਉਨ੍ਹਾਂ ਦੋਸ਼ ਲਗਾਏ ਕਿ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਕਥਿਤ ਦੋਸ਼ੀ ਪੀੜਤਾਂ ਨੂੰ ਮੁੜ ਧਮਕੀਆਂ ਦੇ ਰਹੇ ਹਨ, ਜਿਸ ਕਾਰਨ ਪਰਿਵਾਰ ਸਹਿਮਿਆ ਹੋਇਆ ਹੈ | ਪ੍ਰਧਾਨ ਗੁਰਤੇਜ ਸਿੰਘ ਜੋਧਪੁਰੀ ਨੇ ਕਿਹਾ ਕਿ ਸਾਰੇ ਮਾਮਲੇ ਅਤੇ 6 ਅਪ੍ਰੈਲ ਦੇ ਰੋਸ ਧਰਨੇ ਸਬੰਧੀ ਜਾਣੂ ਕਰਵਾਉਣ ਲਈ ਉਹ ਅੱਜ ਜ਼ਿਲ੍ਹਾ ਪੁਲਿਸ ਮੁਖੀ ਨੂੰ ਮਿਲ ਕੇ ਪੱਤਰ ਸੌਂਪਣ ਲਈ ਪੁੱਜੇ ਸਨ, ਪਰ ਉਹ ਮਿਲੇ ਨਹੀਂ ਤੇ ਉਨ੍ਹਾਂ ਦੀ ਗੈਰ-ਮੌਜੂਦਗੀ ਵਿਚ ਉਨ੍ਹਾਂ ਦੇ ਦਫ਼ਤਰੀ ਨੁਮਾਇੰਦੇ ਨੂੰ ਚਿਤਾਵਨੀ ਪੱਤਰ ਸੌਂਪਿਆ ਗਿਆ | ਉਨ੍ਹਾਂ ਕਿਹਾ ਕਿ ਜੇਕਰ ਛੇਤੀ ਕਥਿਤ ਦੋਸ਼ੀ ਗਿ੍ਫ਼ਤਾਰ ਨਾ ਕੀਤੇ ਗਏ ਤਾਂ ਉਹ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ 6 ਅਪ੍ਰੈਲ ਨੂੰ ਥਾਣਾ ਰਾਮਾਂ ਮੂਹਰੇ ਰੋਸ ਧਰਨਾ ਲਗਾਉਣ ਲਈ ਮਜਬੂਰ ਹੋਣਗੇ |