ਮਾਨਸਾ, 2 ਅਪ੍ਰੈਲ (ਰਾਵਿੰਦਰ ਸਿੰਘ ਰਵੀ)- ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਗੁਰਦੁਆਰਾ ਭਾਈ ਬਹਿਲੋ ਫਫੜੇ ਭਾਈਕੇ ਵਿਖੇ ਹੋਈ ਇਕੱਤਰਤਾ 'ਚ ਫ਼ੈਸਲਾ ਕੀਤਾ ਗਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ 'ਤੇ 6 ਅਪ੍ਰੈਲ ਨੂੰ ਜ਼ਿਲ੍ਹਾ ਪੱਧਰੀ ਮਾਨਸਾ ਧਰਨੇ 'ਚ ਜਥੇਬੰਦੀ ਦੇ ਕਾਰਕੁਨ ਵੱਡੀ ਗਿਣਤੀ ਵਿਚ ਪਹੁੰਚਣਗੇ | ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਆਪ ਸਰਕਾਰ ਕਿਸਾਨਾਂ-ਮਜ਼ਦੂਰਾਂ ਦੀਆਂ ਮੰਗਾਂ ਪ੍ਰਤੀ ਗੰਭੀਰ ਨਹੀਂ | ਉਨ੍ਹਾਂ ਕਿਹਾ ਕਿ ਕਿਰਤੀ ਵਰਗ ਕਰਜ਼ੇ ਦੀ ਦਲਦਲ ਵਿਚ ਫਸ ਕੇ ਖ਼ੁਦਕੁਸ਼ੀ ਦੇ ਰਾਹ ਪਿਆ ਹੋਇਆ ਹੈ ਪਰ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸਰਕ ਰਹੀ | ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ-ਮਜ਼ਦੂਰਾਂ ਸਿਰ ਚੜ੍ਹੇ ਸਾਰੇ ਕਰਜ਼ੇ 'ਤੇ ਲੀਕ ਮਾਰੀ ਜਾਵੇ ਅਤੇ ਸੰਘਰਸ਼ਾਂ ਦੌਰਾਨ ਜਿਨ੍ਹਾਂ ਕਿਸਾਨਾਂ 'ਤੇ ਮੁਕੱਦਮੇ ਦਰਜ ਕੀਤੇ ਗਏ ਹਨ, ਨੂੰ ਰੱਦ ਕੀਤਾ ਜਾਵੇ | ਜਥੇਬੰਦੀ ਵਲੋਂ ਪਿੰਡ ਹਸਨਪੁਰ ਦੇ ਖ਼ੁਦਕੁਸ਼ੀ ਪੀੜਿਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ 4 ਅਪ੍ਰੈਲ ਨੂੰ ਐਸ.ਐਸ.ਪੀ. ਦਫ਼ਤਰ ਮਾਨਸਾ ਨੇੜੇ ਪੱਕੇ ਧਰਨੇ 'ਚ ਸ਼ਾਮਿਲ ਹੋਣ ਦਾ ਫ਼ੈਸਲਾ ਵੀ ਕੀਤਾ ਗਿਆ | ਇਸ ਮੌਕੇ ਕੁਲਵੰਤ ਸਿੰਘ ਕਿਸ਼ਨਗੜ੍ਹ, ਤਾਰਾ ਚੰਦ ਬਰੇਟਾ, ਦੇਵੀ ਰਾਮ ਰੰਘੜਿਆਲ, ਬਲਕਾਰ ਸਿੰਘ, ਜਗਦੇਵ ਸਿੰਘ, ਦਰਸ਼ਨ ਸਿੰਘ ਗੁਰਨੇ ਕਲਾਂ, ਬਲਜੀਤ ਸਿੰਘ, ਬਲਦੇਵ ਸਿੰਘ, ਤੇਜਾ ਸਿੰਘ, ਕਾਲਾ ਸਿੰਘ, ਜਗਜੀਵਨ ਸਿੰਘ, ਮੇਲਾ ਸਿੰਘ, ਹਰਬੰਸ ਸਿੰਘ ਟਾਂਡੀਆਂ, ਗੁਰਚੇਤ ਸਿੰਘ ਚਕੇਰੀਆਂ ਆਦਿ ਹਾਜ਼ਰ ਸਨ |
ਭਾਕਿਯੂ (ਡਕੌਂਦਾ) ਵਲੋਂ ਇਕੱਤਰਤਾ ਦੌਰਾਨ ਭਖਦੇ ਕਿਸਾਨੀ ਮੁੱਦਿਆਂ 'ਤੇ ਅਹਿਮ ਚਰਚਾ <br/>
ਅਜੀਤ ਡੈਸਕ
03-04-2026