ਬੁਢਲਾਡਾ, 2 ਅਪ੍ਰੈਲ (ਸਵਰਨ ਸਿੰਘ ਰਾਹੀ)-ਮਾਰਕੀਟ ਕਮੇਟੀ ਬੁਢਲਾਡਾ ਦੇ ਦਫ਼ਤਰ ਵਿਖੇ ਹਲਕਾ ਵਿਧਾਇਕ ਬੁੱਧ ਰਾਮ ਵਲੋਂ ਖੇਤੀ ਹਾਦਸਿਆਂ ਦੇ ਪੀੜਤ ਮਜ਼ਦੂਰ ਪਰਿਵਾਰਾਂ ਨੂੰ ਮੁਆਵਜ਼ੇ ਦੇ ਚੈੱਕ ਵੰਡੇ ਗਏ | ਉਨ੍ਹਾਂ ਕਿਹਾ ਕਿ ਖੇਤੀ ਦੇ ਕੰਮ ਕਰਦੇ ਸਮੇਂ ਕੋਈ ਵੀ ਕਿਸਾਨ, ਮਜ਼ਦੂਰ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਜਾਂ ਹਾਦਸੇ ਦੌਰਾਨ ਉਸ ਦਾ ਕੋਈ ਵੀ ਅੰਗ ਕੱਟਿਆ ਜਾਂਦਾ ਹੈ ਤਾਂ ਬੇਸ਼ੱਕ ਹਾਦਸੇ ਵਿਚ ਹੋਇਆ ਸਰੀਰਕ ਨੁਕਸਾਨ ਪੂਰਾ ਨਹੀਂ ਕੀਤਾ ਜਾ ਸਕਦਾ ਪਰੰਤੂ ਸਰਕਾਰ ਉਨ੍ਹਾਂ ਦੀ ਆਰਥਿਕ ਮਦਦ ਲਈ ਬਣਦੀ ਸਹਾਇਤਾ ਰਾਸ਼ੀ ਦਿੱਤੀ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਪਿੰਡ ਕੁਲਾਣਾ ਦੇ ਮਜ਼ਦੂਰ ਇਕਬਾਲ ਸਿੰਘ ਪੁੱਤਰ ਸੋਣ ਸਿੰਘ ਦੀ ਖੇਤੀ ਕਰਦੇ ਸਮੇਂ ਖੱਬੇ ਹੱਥ ਦੀ ਉਂਗਲੀ ਕੱਟੀ ਗਈ, ਜਿਸ ਦੇ ਮੁਆਵਜ਼ੇ ਵਜੋਂ ਸਰਕਾਰ ਵੱਲੋਂ 12 ਹਜਾਰ ਰੁਪਏ ਦੀ ਰਾਸ਼ੀ ਦੇ ਕੇ ਪਰਿਵਾਰ ਦੀ ਮਦਦ ਕੀਤੀ ਅਤੇ ਤਰਸੇਮ ਸਿੰਘ ਪੁੱਤਰ ਲਾਭ ਸਿੰਘ ਵਾਸੀ ਪਿੰਡ ਪਿਪਲੀਆਂ ਦੀ ਸੱਜੇ ਹੱਥ ਦੀਆਂ 4 ਉਂਗਲੀਆਂ ਕੱਟ ਜਾਣ ਕਾਰਨ 48 ਹਜਾਰ ਦਾ ਮੁਆਵਜ਼ਾ ਦਿੱਤਾ ਗਿਆ ਹੈ | ਚੇਅਰਮੈਨ ਸਤੀਸ਼ ਸਿੰਗਲਾ ਨੇ ਦੱਸਿਆ ਕਿ ਜੇਕਰ ਕਿਸੇ ਕਿਸਾਨ ਜਾਂ ਮਜ਼ਦੂਰ ਦਾ ਹਾਦਸੇ ਦੌਰਾਨ ਕੋਈ ਨੁਕਸਾਨ ਹੁੰਦਾ ਹੈ ਤਾਂ ਮਾਰਕੀਟ ਕਮੇਟੀ ਮੁਲਾਜ਼ਮਾਂ ਵਲੋਂ ਸਮਾਂ ਰਹਿੰਦਿਆਂ ਕਾਗ਼ਜ਼ੀ ਕਾਰਵਾਈ ਪੂਰੀ ਕਰ ਕੇ ਪੀੜਤ ਧਿਰ ਨੂੰ ਜਲਦ ਤੋਂ ਜਲਦ ਮੁਆਵਜ਼ਾ ਦਿੱਤਾ ਜਾਂਦਾ ਹੈ | ਇਸ ਮੌਕੇ ਭੋਲਾ ਸਿੰਘ, ਬਲਵਿੰਦਰ ਸਿੰਘ ਬਲਾਕ ਪ੍ਰਧਾਨ ਕੁਲਾਣਾ, ਰਾਮ ਸਿੰਘ ਅਤੇ ਵਜ਼ੀਰ ਸਿੰਘ ਪਿੱਪਲੀਆਂ ਆਦਿ ਹਾਜ਼ਰ ਸਨ |
ਵਿਧਾਇਕ ਬੁੱਧ ਰਾਮ ਨੇ ਖੇਤੀ ਹਾਦਸਿਆਂ ਦੇ ਪੀੜਤ ਮਜ਼ਦੂਰਾਂ ਨੂੰ ਮੁਆਵਜ਼ਾ ਰਾਸ਼ੀ ਦੇ ਚੈੱਕ ਵੰਡੇ <br/>
ਅਜੀਤ ਡੈਸਕ
03-04-2026