ਮਾਨਸਾ, 2 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)- ਕਾਂਗਰਸ ਪਾਰਟੀ ਵਲੋਂ ਪੰਜਾਬ ਭਰ 'ਚ ਪਾਰਟੀ ਵਰਕਰਾਂ ਨੂੰ ਵੋਟਰ ਸੂਚੀਆਂ 'ਚ 'ਵਿਸ਼ੇਸ਼ ਤੀਬਰ ਸੁਧਾਈ' ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ | ਇਹ ਪ੍ਰਗਟਾਵਾ ਨੌਜਵਾਨ ਕਾਂਗਰਸ ਆਗੂ ਤੇ ਪਾਰਟੀ ਦੇ ਐਸ.ਆਈ.ਆਰ. ਵਿੰਗ ਦੇ ਸੂਬਾ ਕੋਆਰਡੀਨੇਟਰ ਅਮਨ ਸਿੰਗਲਾ ਨੇ ਗੱਲਬਾਤ ਕਰਦਿਆਂ | ਉਹ ਦੇਰ ਸ਼ਾਮ 'ਅਜੀਤ' ਉਪ ਦਫ਼ਤਰ ਮਾਨਸਾ ਵਿਖੇ ਵਿਸ਼ੇਸ਼ ਤੌਰ 'ਤੇ ਪਹੁੰਚੇ ਸਨ | ਉਨ੍ਹਾਂ ਦੱਸਿਆ ਕਿ ਇਸ ਮੁੱਦੇ ਨੂੰ ਲੈ ਕੇ ਬਲਾਕ ਪੱਧਰ 'ਤੇ ਏਜੰਟ ਬਣਾਏ ਗਏ ਹਨ, ਜਿਨ੍ਹਾਂ ਨੂੰ ਕੈਂਪ ਲਗਾ ਕੇ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਵੋਟਰ ਸੂਚੀਆਂ ਦੀ ਹੋ ਰਹੀ ਸੁਧਾਈ, ਨਵੀਆਂ ਵੋਟਾਂ ਬਣਾਉਣ ਅਤੇ ਗਲਤ ਵੋਟਾਂ ਕਟਵਾਉਣ ਸਬੰਧੀ ਦੱਸਿਆ ਜਾ ਰਿਹਾ ਹੈ | ਸ੍ਰੀ ਸਿੰਗਲਾ ਨੇ ਦੱਸਿਆ ਕਿ ਬਲਾਕ ਪੱਧਰ 'ਤੇ 10 ਹਜ਼ਾਰ ਦੇ ਕਰੀਬ ਪਾਰਟੀ ਦੇ ਬੀ.ਐਲ.ਏ. ਬਣਾਏ ਗਏ ਹਨ, ਜੋ ਬੀ.ਐਲ.ਓ. ਨਾਲ ਸੰਪਰਕ ਕਰ ਕੇ ਪਾਰਟੀ ਦੇ ਮਿਸ਼ਨ ਨੂੰ ਪੂਰਾ ਕਰਨਗੇ | ਉਨ੍ਹਾਂ ਦੱਸਿਆ ਕਿ ਹੁਣ ਤੱਕ 48 ਵਿਧਾਨ ਸਭਾ ਹਲਕਿਆਂ 'ਚ ਪਾਰਟੀ ਦੇ ਏਜੰਟਾਂ ਨਾਲ ਕੈਂਪ ਲਗਾਏ ਜਾ ਚੁੱਕੇ ਹਨ ਅਤੇ ਵੋਟ ਸੁਧਾਈ ਦੇ ਚੱਲਦਿਆਂ ਰਾਜ ਦੇ ਸਾਰੇ 117 ਵਿਧਾਨ ਸਭਾ ਹਲਕਿਆਂ 'ਚ ਪਾਰਟੀ ਦੇ ਬੀ.ਐਲ.ਏ. ਨਾਲ ਮੀਟਿੰਗਾਂ ਕਰ ਕੇ ਜਾਣਕਾਰੀ ਦੇ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਇਹ ਕਾਰਜ ਚੀਫ਼ ਕੋਆਰਡੀਨੇਟਰ ਹਰਦੀਪ ਸਿੰਘ ਕਿੰਗਰਾ ਦੀ ਅਗਵਾਈ 'ਚ ਕੀਤਾ ਜਾ ਰਿਹਾ ਹੈ | ਸ੍ਰੀ ਸਿੰਗਲਾ ਨੇ ਦੋਸ਼ ਲਗਾਇਆ ਕਿ ਕੇਂਦਰ ਤੇ ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕਰ ਸਕੀਆਂ | ਉਨ੍ਹਾਂ ਦਾਅਵਾ ਵੀ ਕੀਤਾ ਕਿ ਪੰਜਾਬ 'ਚ 2027 'ਚ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ |