ਬਠਿੰਡਾ, 3 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)- ਮੁੱਖ ਅਧਿਆਪਕਾ ਸ੍ਰੀਮਤੀ ਸੁਖਜੀਵਨਪਾਲ ਕੌਰ ਆਪਣੀਆਂ ਸ਼ਾਨਦਾਰ ਅਤੇ ਬੇਦਾਗ ਸੇਵਾਵਾਂ ਨਿਭਾਉਣ ਉਪਰੰਤ ਸਰਕਾਰੀ ਪ੍ਰਾਇਮਰੀ ਸਕੂਲ, ਖੇਤਾ ਸਿੰਘ ਬਸਤੀ, ਬਠਿੰਡਾ ਤੋਂ ਸੇਵਾਮੁਕਤ ਹੋ ਗਏ ਹਨ | ਸੁਖਜੀਵਨਪਾਲ ਕੌਰ ਆਪਣੀ ਸਮਰਪਿਤ ਭਾਵਨਾ, ਮੇਹਨਤ, ਲਗਨ ਅਤੇ ਚੰਗੇ ਮਾਰਗਦਰਸ਼ਨ ਕਰਕੇ ਹਮੇਸ਼ਾ ਸਕੂਲ ਸਟਾਫ਼ ਅਤੇ ਬੱਚਿਆਂ ਦੇ ਪ੍ਰੇਰਨਾ ਸਰੋਤ ਬਣੇ ਰਹੇ | ਉਨ੍ਹਾਂ ਦਾ ਜਨਮ 18 ਮਾਰਚ 1970 ਨੂੰ ਪਿਤਾ ਸ. ਜਬਰਜੰਗ ਸਿੰਘ ਦੇ ਘਰ ਮਾਤਾ ਸ੍ਰੀਮਤੀ ਪਰਮਜੀਤ ਕੌਰ ਦੀ ਕੁੱਖੋਂ ਪਿੰਡ ਬੋਹਾ, ਜ਼ਿਲ੍ਹਾ ਮਾਨਸਾ ਵਿਖੇ ਹੋਇਆ | ਉਨ੍ਹਾਂ ਨੇ ਪੰਜਵੀਂ ਜਮਾਤ ਤੱਕ ਦੀ ਪੜ੍ਹਾਈ ਪਿੰਡ ਘੁੰਨਣ ਕਲਾਂ, ਜ਼ਿਲ੍ਹਾ ਸ੍ਰੀ ਮੁਕਤਸਰ (ਸਰਕਾਰੀ ਪ੍ਰਾਇਮਰੀ ਸਕੂਲ) ਤੋਂ ਕਰਨ ਉਪਰੰਤ ਦਸਵੀਂ ਕੰਨਿਆ ਹਾਈ ਸਕੂਲ, ਸ੍ਰੀ ਮੁਕਤਸਰ ਸਾਹਿਬ ਤੋਂ ਕੀਤੀ ਅਤੇ ਬੀ.ਏ. ਗੁਰੂ ਨਾਨਕ ਕਾਲਜ, ਸ੍ਰੀ ਮੁਕਤਸਰ ਸਾਹਿਬ ਤੋਂ ਕੀਤੀ | ਜਦਕਿ ਐਮ.ਏ. ਸਰਕਾਰੀ ਕਾਲਜ ਫਾਰ ਲੜਕੇ ਲੁਧਿਆਣਾ ਤੋਂ ਕੀਤੀ | ਬੀ.ਐੱਡ. ਦੀ ਡਿਗਰੀ ਮਾਲਵਾ ਕਾਲਜ ਫਾਰ ਵੂਮੈਨ ਲੁਧਿਆਣਾ ਅਤੇ ਐਮ.ਐੱਡ ਦੀ ਡਿਗਰੀ ਖਾਲਸਾ ਕਾਲਜ, ਸਿੱਧਵਾ ਬੇਟ (ਲੁਧਿਆਣਾ) ਤੋਂ ਕੀਤੀ | ਸੁਖਜੀਵਨਪਾਲ ਕੌਰ ਦਾ ਵਿਆਹ 11 ਫਰਵਰੀ 1996 ਨੂੰ ਸੀਨੀਅਰ ਵਕੀਲ ਹਰਪਾਲ ਸਿੰਘ ਖਾਰਾ ਨਾਲ ਹੋਇਆ ਅਤੇ ਉਨ੍ਹਾਂ ਦੇ ਘਰ ਇਕ ਬੇਟਾ ਇਮਾਨ ਸਿੰਘ ਖਾਰਾ, ਜੋ ਇਕ ਪੰਜਾਬ-ਹਰਿਆਣਾ ਹਾਈਕੋਰਟ ਵਿਚ ਵਕੀਲ ਹਨ, ਨੇ ਜਨਮ ਲਿਆ | ਸੁਖਜੀਵਨਪਾਲ ਕੌਰ ਨੇ ਸਰਕਾਰੀ ਨੌਕਰੀ ਲੱਗਣ ਤੋਂ ਪਹਿਲਾਂ 2001 ਤੋਂ 2008 ਤੱਕ ਗੁਰੂ ਨਾਨਕ ਸਕੂਲ, ਸਿਵਲ ਸਟੇਸ਼ਨ, ਬਠਿੰਡਾ ਵਿਚ ਗਿਆਰ੍ਹਵੀਂ ਅਤੇ ਬਾਰ੍ਹਵੀਂ ਦੀਆਂ ਕਲਾਸਾਂ ਨੂੰ ਜਿਓਗ੍ਰਾਫੀ ਦਾ ਵਿਸ਼ਾ ਪੜ੍ਹਾਇਆ | ਉਹ ਅਕਤੂਬਰ 2008 ਵਿਚ ਬਤੌਰ ਟੀਚਿੰਗ ਫੈਲੋ ਭਰਤੀ ਹੋਏ ਅਤੇ ਫਿਰ ਸਰਕਾਰੀ ਪ੍ਰਾਇਮਰੀ ਸਕੂਲ (ਕੰਨਿਆ), ਭੁੱਚੋ ਮੰਡੀ ਵਿਖੇ 2016 ਤੱਕ ਸੇਵਾ ਨਿਭਾਈ | ਉਪਰੰਤ ਉਨ੍ਹਾਂ ਅਗਸਤ 2016 ਤੋਂ ਅਗਸਤ 2020 ਤੱਕ ਸਰਕਾਰੀ ਪ੍ਰਾਇਮਰੀ ਸਕੂਲ ਪਰਸਰਾਮ ਨਗਰ ਸਕੂਲ ਬਠਿੰਡਾ ਵਿਚ ਆਪਣੀ ਸੇਵਾਵਾਂ ਨਿਭਾਈਆਂ | ਚੰਗੀਆਂ ਸੇਵਾਵਾਂ ਸਦਕੇ ਉਹ ਪਦਉੱਨਤ ਹੋ ਕੇ ਮੁੱਖ ਅਧਿਆਪਕ ਬਣੇ ਅਤੇ ਉਨ੍ਹਾਂ ਅਗਸਤ 2020 ਤੋਂ ਸ.ਪ੍ਰ.ਸਕੂਲ ਖੇਤਾ ਸਿੰਘ ਬਸਤੀ ਵਿਖੇ ਬਤੌਰ ਹੈੱਡ ਟੀਚਰ ਜੁਆਇਨ ਕੀਤਾ | ਉਸ ਸਮੇਂ ਇਹ ਸਕੂਲ ਕਾਫ਼ੀ ਪਛੜਿਆ ਹੋਇਆ ਸੀ | ਸਕੂਲ ਵਿਚ ਵੱਡੀ ਪੱਧਰ 'ਤੇ ਗਰੀਬ ਪਰਿਵਾਰਾਂ ਨਾਲ ਸੰਬੰਧਤ ਬੱਚੇ ਪੜ੍ਹ ਰਹੇ ਸਨ ਪਰ ਸੁਖਜੀਵਨਪਾਲ ਕੌਰ ਨੇ ਆਪਣੀ ਲਿਆਕਤ ਨਾਲ ਲਗਭਗ 6 ਸਾਲ ਇਥੇ ਸੇਵਾਵਾਂ ਨਿਭਾਉਂਦਿਆਂ ਜਿਥੇ ਸਕੂਲ ਦੀ ਨੁਹਾਰ ਬਦਲੀ, ਉਥੇ ਉਨ੍ਹਾਂ ਦੀ ਯੋਗ ਅਗਵਾਈ ਵਿਚ ਸਕੂਲ ਦੇ ਬੱਚੇ ਲਗਾਤਾਰ ਚਾਰ ਸਾਲ ਸੂਬਾ ਪੱਧਰ 'ਤੇ ਤੈਰਾਕੀ ਵਿਚ ਭਾਗ ਲੈਂਦੇ ਰਹੇ | ਸੁਖਜੀਵਨਪਾਲ ਕੌਰ ਦੇ ਉਪਰਾਲਿਆਂ ਸਦਕੇ ਸਕੂਲ ਨੇ ਤੈਰਾਕੀ ਵਿਚ ਸੋਨ ਤਗਮਾ ਜਿੱਤਿਆ | ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਸਦਕੇ ਜਿਲ੍ਹਾ ਪੱਧਰ 'ਤੇ ਸਿੱਖਿਆ ਵਿਭਾਗ ਅਤੇ ਜਿਲ੍ਹਾ ਪ੍ਰਸ਼ਾਸਨ ਦੀ ਤਰਫ਼ੋਂ ਉਨ੍ਹਾਂ ਨੂੰ ਵਿਸ਼ੇਸ ਤੌਰ 'ਤੇ ਕਈ ਵਾਰ ਸਨਮਾਨਿਤ ਕੀਤਾ ਗਿਆ ਹੈ |