ਸੰਗਤ ਮੰਡੀ, 3 ਅਪ੍ਰੈਲ (ਸੁਖਤੇਜ ਧਾਲੀਵਾਲ)-ਇੰਡੀਅਨ ਵੈਟਰਨਰੀ ਐਸੋਸੀਏਸ਼ਨ ਵਲੋਂ ਡਾ: ਸਮੀਕਸ਼ਾ ਰੈਡੀ ਦੀ ਦੁਖਦਾਈ ਮੌਤ ਲਈ ਇਨਸਾਫ਼ ਦੀ ਮੰਗ ਕਰਦੇ ਹੋਏ 6 ਅਪ੍ਰੈਲ ਨੂੰ ਕੀਤੇ ਜਾ ਰਹੇ ਦੇਸ਼ ਪੱਧਰੀ ਪ੍ਰਦਰਸ਼ਨ ਦਾ ਸੀਨੀਅਰ ਵੈਟਸ ਐਸੋਸੀਏਸ਼ਨ ਪੰਜਾਬ ਨੇ ਹਮਾਇਤ ਕਰਨ ਦਾ ਐਲਾਨ ਕੀਤਾ ਹੈ | ਇਸ ਸਬੰਧੀ ਸੀਨੀਅਰ ਵੈਟਸ ਐਸੋਸੀਏਸ਼ਨ ਦੇ ਆਗੂਆਂ ਪਿ੍ੰਸੀਪਲ ਡਾ: ਬਿਮਲ ਸ਼ਰਮਾ, ਡਾ: ਗੁਰਿੰਦਰ ਵਾਲੀਆ, ਡਾ: ਦੇਸ਼ ਦੀਪਕ ਗੋਇਲ, ਡਾ: ਸੰਜੀਵ ਖੋਸਲਾ, ਡਾ: ਮਧੂਕੇਸ਼ ਪਲਟਾ, ਡਾ: ਹਰਿੰਦਰ ਸਿੰਘ ਚੰਦੀ ਅਤੇ ਡਾ: ਰਾਜਵੀਰ ਸਿੰਘ ਕੰਗ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਰਨਾਟਕ ਦੇ ਸ਼ਿਵਮੋਗਾ ਚਿੜੀਆ ਘਰ ਵਿਚ 19-20 ਮਾਰਚ 2026 ਦੀ ਰਾਤ ਨੂੰ ਵਾਪਰੀ ਇਕ ਦਰਦਨਾਕ ਘਟਨਾ ਵਿਚ 27 ਸਾਲਾਂ ਵੈਟਰਨਰੀ ਡਾ: ਸਮਿਕਸ਼ਾ ਰੈਡੀ ਦੀ ਇਕ ਦਰਿਆਈ ਘੋੜੇ ਦੇ ਹਮਲੇ 'ਚ ਮੌਤ ਹੋ ਗਈ ਸੀ | ਸੀਨੀਅਰ ਵੈਟਸ ਐਸੋਸੀਏਸ਼ਨ ਦੇ ਮੈਂਬਰ ਵਲੋਂ ਡਾ: ਰੈਡੀ ਦੇ ਅਕਾਲ ਚਲਾਣੇ 'ਤੇ ਆਪਣੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਹਮਦਰਦੀ ਜਿਤਾਈ ਗਈ ਹੈ | ਇਸ ਦੁਖਦਾਈ ਘਟਨਾ ਦੇ ਪ੍ਰਤੀਕਿਰਿਆ ਵਜੋਂ ਇੰਡੀਅਨ ਵੈਟਰਨਰੀ ਐਸੋਸੀਏਸ਼ਨ ਨੇ 6 ਅਪ੍ਰੈਲ 2026 ਨੂੰ ਦੇਸ਼ ਪੱਧਰੀ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ ਤਾਂ ਜੋ ਇਨਸਾਫ ਅਤੇ ਜਵਾਬਦੇਹੀ ਦੀ ਮੰਗ ਕੀਤੀ ਜਾ ਸਕੇ |