ਬਠਿੰਡਾ, 3 ਅਪ੍ਰੈਲ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਅੰਦਰ ਕਣਕ ਦੀ ਖ਼ਰੀਦ ਬੇਸ਼ੱਕ ਬੀਤੀ 1 ਅਪ੍ਰੈਲ ਤੋਂ ਸ਼ੁਰੂ ਹੋ ਚੁੱਕੀ ਹੈ, ਪਰ ਅਜੇ ਤੱਕ ਜ਼ਿਲੇ੍ਹ ਦੀ ਕਿਸੇ ਵੀ ਦਾਣਾ ਮੰਡੀ 'ਚ ਕਣਕ ਦੀ ਆਮਦ ਨਹੀਂ ਹੋਈ ਹੈ | ਦੂਜੇ ਪਾਸੇ ਮੌਸਮ ਦੀ ਲਗਾਤਾਰ ਗੜਬੜੀ ਤੋਂ ਕਿਸਾਨ ਘਬਰਾਏ ਹੋਏ ਹਨ, ਜਿੰਨ੍ਹਾਂ ਨੇ ਕਣਕ ਦੀ ਸਾਂਭ-ਸੰਭਾਲ 'ਚ ਜੁਟਦੇ ਹੋਏ ਕਣਕ ਦੀ ਵਾਢੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ | ਅੱਜ ਪਹਿਲੇ ਦਿਨ ਜ਼ਿਲੇ੍ਹ ਦੇ ਕੁਝ ਹਿੱਸਿਆਂ 'ਚ ਖੇਤਾਂ 'ਚ ਕੰਬਾਈਨਾਂ ਚੱਲ ਪਈਆਂ ਹਨ ਤੇ ਆਉਣ ਵਾਲੇ ਦਿਨਾਂ ਅੰਦਰ ਵਢਾਈ ਦੇ ਕੰਮ 'ਚ ਹੋਰ ਤੇਜ਼ੀ ਆ ਸਕਦੀ ਹੈ, ਜਿਸ ਨਾਲ ਕਣਕ ਦੀ ਦਾਣਾ ਮੰਡੀਆਂ 'ਚ ਵਿਸਾਖੀ ਦੇ ਨੇੜੇ ਹੋਣ ਵਾਲੀ ਆਮਦ ਹੁਣ ਕੁਝ ਦਿਨ ਪਹਿਲਾਂ ਹੋ ਸਕਦੀ ਹੈ | ਇਸ ਵਾਰ ਪੰਜਾਬ ਮੰਡੀ ਬੋਰਡ ਵਲੋਂ ਜ਼ਿਲੇ੍ਹ ਭਰ ਦੀਆਂ ਦਾਣਾ ਮੰਡੀਆਂ ਵਿਚ 9 ਲੱਖ 32520 ਮੀਟਰਿਕ ਟਨ ਕਣਕ ਦੀ ਆਮਦ ਦਾ ਟੀਚਾ ਮਿੱਥਿਆ ਗਿਆ ਹੈ, ਜਿਸ ਦੇ ਚੱਲਦਿਆਂ ਸੂਬਾ ਸਰਕਾਰ ਵਲੋਂ ਕੇਂਦਰੀ ਅਤੇ ਸੂਬਾ ਖ਼ਰੀਦ ਏਜੰਸੀਆਂ ਨੂੰ ਉਨ੍ਹਾਂ ਦੀ ਖ਼ਰੀਦ ਦੇ ਕੋਟੇ ਸਮੇਤ ਦਾਣਾ ਮੰਡੀਆਂ ਦੀ ਵੰਡ ਕਰ ਦਿੱਤੀ ਗਈ ਹੈ | ਸਰਕਾਰ ਵਲੋਂ ਕਣਕ ਖ਼ਰੀਦ ਦੇ ਨਿਰਧਾਰਿਤ ਕੀਤੇ ਗਏ ਕੋਟੇ ਅਨੁਸਾਰ ਇਸ ਵਾਰ ਕੇਂਦਰੀ ਖ਼ਰੀਦ ਏਜੰਸੀ ਭਾਰਤੀ ਖ਼ੁਰਾਕ ਨਿਗਮ (ਐਫ.ਸੀ.ਆਈ.) ਵਲੋਂ 39416 ਮੀਟਰਿਕ ਟਨ ਅਤੇ ਪੰਜਾਬ ਦੀਆਂ ਖ਼ਰੀਦ ਏਜੰਸੀਆਂ 'ਚੋਂ ਪਨਗ੍ਰੇਨ ਵਲੋਂ 297875 ਮੀਟਰਿਕ ਟਨ, ਮਾਰਕਫੈੱਡ ਵਲੋਂ 227973 ਮੀਟਰਿਕ ਟਨ, ਪਨਸਪ ਵਲੋਂ 216058 ਮੀਟਰਿਕ ਟਨ ਅਤੇ ਪੰਜਾਬ ਵੇਅਰ ਹਾਊਸ ਵਲੋਂ 151198 ਮੀਟਰਿਕ ਟਨ ਕਣਕ ਖ਼ਰੀਦ ਕੀਤੀ ਜਾਣੀ ਹੈ | ਇਸ ਵੰਡ ਅਨੁਸਾਰ ਸਭ ਤੋਂ ਵੱਧ ਖ਼ਰੀਦ ਪਨਗ੍ਰੇਨ ਵਲੋਂ ਕੀਤੀ ਜਾਣੀ ਹੈ, ਜੋ ਸੂਬੇ ਦੀ ਨੋਡਲ ਏਜੰਸੀ ਹੈ ਤੇ ਇਸ ਵਿਭਾਗ ਵਲੋਂ ਲੋਕਾਂ ਨੂੰ ਆਟਾ-ਦਾਲ ਸਕੀਮ ਤਹਿਤ ਸਰਕਾਰੀ ਡਿਪੂਆਂ 'ਤੇ ਰਾਸ਼ਨ (ਕਣਕ) ਦੀ ਸਪਲਾਈ ਦਿੱਤੀ ਜਾਂਦੀ ਹੈ | ਇਸ ਖ਼ਰੀਦ ਲਈ 106 ਫ਼ੀਸਦੀ ਬਾਰਦਾਨੇ ਦੀ ਲੋੜ ਵੀ ਦੱਸੀ ਜਾ ਰਹੀ ਹੈ, ਜਿਸ ਦੇ ਸਬੰਧਿਤ ਵਿਭਾਗ ਨੇ ਪ੍ਰਬੰਧ ਪੂਰੇ ਹੋਣ ਦਾ ਦਾਅਵਾ ਕੀਤਾ ਹੈ | ਇਸੇ ਤਰ੍ਹਾਂ ਜ਼ਿਲ੍ਹਾ ਮੰਡੀ ਅਧਿਕਾਰੀ ਗੌਰਵ ਗਰਗ ਨੇ ਜ਼ਿਲੇ੍ਹ ਦੇ ਸਮੂਹ ਖ਼ਰੀਦ ਕੇਂਦਰਾਂ 'ਚ ਸਾਫ-ਸਫਾਈ ਤੋਂ ਇਲਾਵਾ ਬਾਕੀ ਲੋੜੀਂਦੇ ਪ੍ਰਬੰਧ ਮੁਕੰਮਲ ਹੋਣ ਦਾ ਦਾਅਵਾ ਕੀਤਾ ਹੈ | ਉਧਰ ਕਣਕ ਦੀ ਖ਼ਰੀਦ ਨੂੰ ਮੁੱਖ ਰੱਖਦਿਆਂ ਮਾਰਕੀਟ ਕਮੇਟੀ ਬਠਿੰਡਾ ਦੇ ਚੇਅਰਮੈਨ ਬੱਲੀ ਬਲਜੀਤ ਸਿੰਘ ਅਤੇ ਮਾਰਕੀਟ ਕਮੇਟੀ ਦੇ ਸਕੱਤਰ ਰਵਿੰਦਰ ਸਿੰਗਲਾ ਵਲੋਂ ਦਾਣਾ ਮੰਡੀਆਂ ਦਾ ਦੌਰਾ ਕੀਤਾ ਗਿਆ | ਚੇਅਰਮੈਨ ਬੱਲੀ ਨੇ ਕਿਹਾ ਕਿ ਖ਼ਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਹਨ ਤੇ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਪੰਜਾਬ