ਮਾਨਸਾ, 6 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ/ਰਾਵਿੰਦਰ ਸਿੰਘ ਰਵੀ)-ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੁੱਖ ਗੇਟ ਤੋਂ ਮਾਨਸਾ ਖ਼ੁਰਦ ਨੂੰ ਜਾਂਦੀ ਸੜਕ ਦਾ ਇਨ੍ਹੀਂ ਦਿਨੀਂ ਭਖਿਆ ਹੋਇਆ ਹੈ | ਵੀ.ਵੀ.ਆਈ.ਪੀ. ਰੋਡ ਕਰ ਕੇ ਜਾਣੀ ਜਾਂਦੀ ਇਸ ਸੜਕ ਦੇ ਨਵਨਿਰਮਾਣ 'ਚ ਵੱਡੇ ਗ਼ਬਨ ਦਾ ਮਾਮਲਾ ਸਾਹਮਣੇ ਆਇਆ ਹੈ | 21 ਮੈਂਬਰੀ ਸੰਘਰਸ਼ ਕਮੇਟੀ ਦੇ ਆਗੂ ਐਡਵੋਕੇਟ ਗੁਰਲਾਭ ਸਿੰਘ ਮਾਹਲ ਦੀ ਸ਼ਿਕਾਇਤ 'ਤੇ ਡਿਪਟੀ ਕਮਿਸ਼ਨਰ ਵਲੋਂ ਐਸ. ਡੀ. ਐਮ. ਦੀ ਅਗਵਾਈ 'ਚ 5 ਮੈਂਬਰੀ ਕਮੇਟੀ ਗਠਿਤ ਕੀਤੀ ਗਈ ਸੀ | ਉਨ੍ਹਾਂ ਦੀਆਂ ਹਦਾਇਤਾਂ 'ਤੇ ਪੰਜਾਬ ਮੰਡੀਕਰਨ ਬੋਰਡ ਦੇ ਅਧਿਕਾਰੀਆਂ ਤੇ ਗਠਿਤ ਕੀਤੀ ਕਮੇਟੀ ਦੀ ਹਾਜ਼ਰੀ 'ਚ 3 ਅਪ੍ਰੈਲ ਨੂੰ ਸੜਕ ਦੇ ਨਮੂਨੇ ਲਏ ਗਏ ਸਨ | ਇਨ੍ਹਾਂ ਨਮੂਨਿਆਂ ਦੀ ਰਿਪੋਰਟ ਇਸ ਕਦਰ ਫ਼ੇਲ੍ਹ ਹੋਈ ਹੈ ਕਿ 67 ਪ੍ਰਤੀਸ਼ਤ ਦਾ ਘਪਲਾ ਹੋਇਆ ਹੈ | ਇਹ ਰਿਪੋਰਟ ਬੀਤੀ ਸ਼ਾਮ ਮੰਡੀ ਬੋਰਡ ਦੇ ਸੁਪਰਡੈਂਟ ਇੰਜੀਨੀਅਰ ਵਿਪਨ ਖੰਨਾ ਵਲੋਂ ਡਿਪਟੀ ਕਮਿਸ਼ਨਰ ਮਾਨਸਾ ਨੂੰ ਸੌਂਪ ਦਿੱਤੀ ਗਈ ਸੀ | ਇਸ ਘਪਲੇ ਦੀ ਚਾਰ ਚੁਫੇਰੇ ਚਰਚਾ ਹੈ | ਦੇਰ ਸ਼ਾਮ ਰਿਪੋਰਟ ਸਬੰਧੀ 'ਅਜੀਤ' ਵਲੋਂ ਡਿਪਟੀ ਕਮਿਸ਼ਨਰ ਨਵਜੋਤ ਕੌਰ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਦੱਸਿਆ ਕਿ ਰਿਪੋਰਟ ਸਥਾਨਕ ਸਰਕਾਰਾਂ ਵਿਭਾਗ ਤੋਂ ਇਲਾਵਾ ਚੀਫ਼ ਇੰਜੀਨੀਅਰ ਨੂੰ ਕਾਰਵਾਈ ਲਈ ਭੇਜ ਦਿੱਤੀ ਗਈ ਹੈ | ਉਨ੍ਹਾਂ ਦੱਸਿਆ ਕਿ ਚੀਫ਼ ਇੰਜੀਨੀਅਰ ਦੇ ਨਿਰੀਖਣ ਤੋਂ ਬਾਅਦ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ | ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕਿਹਾ ਕਿ ਇਸ ਮਾਮਲੇ 'ਚ ਅਣਗਹਿਲੀ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ |