ਬਰੇਟਾ, 6 ਅਪ੍ਰੈਲ (ਪਾਲ ਸਿੰਘ ਮੰਡੇਰ)- ਸਥਾਨਕ ਮਾਰਕੀਟ ਕਮੇਟੀ ਦੇ ਦਫ਼ਤਰ ਅੱਗੇ ਬਰੇਟਾ ਮੰਡੀ ਦੇ ਆੜ੍ਹਤੀਆ ਐਸੋਸੀਏਸ਼ਨ ਵਲੋਂ ਅਣਮਿਥੇ ਸਮੇਂ ਲਈ ਧਰਨਾ ਦਿੱਤਾ ਗਿਆ | ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰ ਗਰਗ ਨੇ ਕਿਹਾ ਕਿ ਆੜ੍ਹਤੀਆਂ ਦੇ ਵਾਰ ਵਾਰ ਸੰਘਰਸ਼ ਕਰਨ ਦੇ ਬਾਵਜੂਦ ਸਰਕਾਰਾਂ ਦੇ ਕੰਨ ਤੇ ਜੂੰ ਤੱਕ ਨਹੀਂ ਸਰਕ ਰਹੀ | ਉਨ੍ਹਾਂ ਕਿਹਾ ਕਿ ਜਦ ਤੱਕ ਸਰਕਾਰਾਂ ਆੜ੍ਹਤੀਆਂ ਦੀ ਮੰਗ 'ਤੇ ਖਰੀਆਂ ਨਹੀਂ ਉੱਤਰਦੀਆਂ ਅਤੇ ਆੜ੍ਹਤੀਆਂ ਦੀ ਮੰਗ ਦੇ ਮੁਤਾਬਿਕ ਬਣਦਾ ਕਮਿਸ਼ਨ ਨਹੀਂ ਦਿੱਤਾ ਜਾਂਦਾ, ਉਦੋਂ ਤੱਕ ਕੋਈ ਵੀ ਆੜ੍ਹਤੀਆ ਕਣਕ ਖ਼ਰੀਦ ਵਿਚ ਸ਼ਾਮਿਲ ਨਹੀਂ ਹੋਵੇਗਾ | ਉਨ੍ਹਾਂ ਕਿਹਾ ਕਿ ਸਰਕਾਰਾਂ ਵਾਰ ਵਾਰ ਆੜ੍ਹਤੀਆਂ ਵਲੋਂ ਮੰਗ ਰੱਖਣ ਦੇ ਬਾਵਜੂਦ ਜੁਮਲੇ ਦੇ ਕੇ ਹੀ ਚਲੀਆਂ ਜਾਂਦੀਆਂ ਹਨ | ਪਿਛਲੀਆਂ ਸਰਕਾਰਾਂ ਨੇ ਆੜ੍ਹਤੀਆਂ ਦਾ ਕਮਿਸ਼ਨ ਕੁੱਝ ਵਧਾ ਦਿੱਤਾ ਸੀ ਪਰ ਹੁਣ ਭਗਵੰਤ ਮਾਨ ਸਰਕਾਰ ਤਾਂ ਬਿਲਕੁਲ ਕੋਰਾ ਜਵਾਬ ਦਿੰਦੀ ਨਜ਼ਰ ਆ ਰਹੀ ਹੈ | ਉਨ੍ਹਾਂ ਵੱਲੋਂ ਤਾਂ ਇਹ ਕਹਿ ਕੇ ਟਾਲ ਦਿੱਤਾ ਜਾਂਦਾ ਹੈ ਕਿ ਇਹ ਕੇਂਦਰ ਸਰਕਾਰ ਨੇ ਹੀ ਮੰਗ ਪੂਰੀ ਕਰਨੀ ਹੈ ਅਤੇ ਇਸ ਵਿਚ ਪੰਜਾਬ ਸਰਕਾਰ ਦਾ ਕੋਈ ਰੋਲ ਨਹੀਂ | ਪ੍ਰਧਾਨ ਗਰਗ ਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਦੇ ਅਧੀਨ ਆਉਂਦੇ ਹਾਂ ਤਾਂ ਅਸੀਂ ਆਪਣਾ ਰੋਣਾ ਪੰਜਾਬ ਸਰਕਾਰ ਕੋਲੇ ਹੀ ਰੋਵਾਂਗੇ | ਪੱਤਰਕਾਰਾਂ ਵੱਲੋਂ ਸਵਾਲ ਪੁੱਛਣ ਤੇ ਉਨ੍ਹਾਂ ਕਿਹਾ ਕਿ ਜਦੋਂ ਤੱਕ ਆੜ੍ਹਤੀਆਂ ਦਾ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਇਹ ਸੰਘਰਸ਼ ਚਲਦਾ ਰਹੇਗਾ ਅਤੇ ਸਮਾਂ ਆਉਣ ਤੇ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ | ਧਰਨੇ ਦੀ ਸਟੇਜ ਦੀ ਕਾਰਵਾਈ ਰਜਿੰਦਰ ਸ਼ਰਮਾ ਨੇ ਕੀਤੀ | ਇਸ ਮੌਕੇ ਰਾਜੇਸ਼ ਸਿੰਗਲਾ, ਅਜੇ ਕੁਮਾਰ ਬਿੱਟੂ, ਰਾਜੀਵ ਕੁਮਾਰ ਟੋਨੀ, ਸੁਖਦੇਵ ਸਿੰਘ, ਰਾਜ ਕੁਮਾਰ ਮਿੱਤਲ, ਰਾਜੇਸ਼ ਕੁਮਾਰ, ਗੋਰਾ ਲਾਲ ਆਦਿ ਮੌਜੂਦ ਸਨ |