ਬੁਢਲਾਡਾ, 6 ਅਪ੍ਰੈਲ (ਸਵਰਨ ਸਿੰਘ ਰਾਹੀ)-ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਜ਼ਰੂਰਤ ਮੰਦ ਬੱਚਿਆਂ ਨੂੰ ਕੰਪਿਊਟਰ ਅਤੇ ਪੜ੍ਹਨ ਦੀ ਵਿਸ਼ੇਸ਼ ਸਹੂਲਤ ਦੇਣ ਲਈ ਬਣਾਈ ਜਾ ਰਹੀ ਸ਼ਹੀਦ ਭਗਤ ਸਿੰਘ ਮੈਮੋਰੀਅਲ ਲਾਇਬ੍ਰੇਰੀ ਦਾ ਨੀਂਹ ਪੱਥਰ ਮੈਂਬਰ ਰਾਜ ਸਭਾ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਰੱਖਿਆ ਗਿਆ | ਉਨ੍ਹਾਂ ਇਸ ਕਾਰਜ ਲਈ 13 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ | ਆਪਣੇ ਸੰਬੋਧਨ ਚ ਸੰਤ ਸੀਚੇਵਾਲ ਨੇ ਜਿੱਥੇ ਬੱਚਿਆਂ ਦੀ ਮਦਦ ਲਈ ਲਾਇਬ੍ਰੇਰੀ ਅਤੇ ਬਜ਼ੁਰਗਾਂ ਲਈ ਸ਼ੈਲਟਰ ਹੋਮ ਬਣਾਏ ਜਾਣ ਦੀ ਸ਼ਲਾਘਾ ਕੀਤੀ ਉੱਥੇ ਹੀ ਸੁਚੱਜੇ ਵਾਤਾਵਰਨ ਲਈ ਸ਼ੁੱਧ ਪਾਣੀ, ਹਵਾ ਅਤੇ ਧਰਤੀ ਦੀ ਸੰਭਾਲ ਲਈ ਸਾਰਿਆਂ ਨੂੰ ਰਲ-ਮਿਲ ਕੇ ਯੋਗਦਾਨ ਪਾਉਣ ਲਈ ਵੀ ਪ੍ਰੇਰਿਤ ਕੀਤਾ | ਇਸ ਤੋਂ ਪਹਿਲਾਂ ਸੰਸਥਾ ਦੇ ਸੰਸਥਾਪਕ ਮਾਸਟਰ ਕੁਲਵੰਤ ਸਿੰਘ ਨੇ ਸੰਤ ਸੀਚੇਵਾਲ ਸਮੇਤ ਪੁੱਜੇ ਸਮੂਹ ਮਹਿਮਾਨਾਂ ਦਾ ਸਵਾਗਤ ਕਰਦਿਆਂ ਕੀਤੇ ਜਾ ਰਹੇ ਲੋਕ ਭਲਾਈ ਦੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ | ਸੰਬੋਧਨ ਕਰਦਿਆਂ ਹਲਕਾ ਵਿਧਾਇਕ ਪਿ੍ੰਸੀਪਲ ਬੁੱਧ ਰਾਮ ਨੇ ਮਾਤਾ ਗੁਜਰੀ ਜੀ ਭਲਾਈ ਕੇਂਦਰ ਵੱਲੋਂ ਚਲਾਏ ਜਾ ਰਹੇ ਸੇਵਾ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਲਾਇਬ੍ਰੇਰੀ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ | ਸੰਸਥਾ ਦੇ ਆਗੂ ਕੁਲਦੀਪ ਸਿੰਘ ਅਨੇਜਾ, ਕੁਲਵਿੰਦਰ ਸਿੰਘ ਈ ਓ ਨੇ ਦੱਸਿਆ ਕਿ ਗਰੀਬ ਲੋੜਵੰਦ ਬੱਚਿਆਂ ਨੂੰ ਪੜ੍ਹਾਈ ਦਾ ਸ਼ਾਂਤ ਮਾਹੌਲ ਦੇਣ ਅਤੇ ਬਜ਼ੁਰਗਾਂ ਨੂੰ ਅਖ਼ਬਾਰਾਂ ਤੇ ਹੋਰ ਪੁਸਤਕਾਂ ਪੜ੍ਹਨ ਦੀ ਸਹੂਲਤ ਤੋਂ ਇਲਾਵਾ ਸੀਨੀਅਰ ਸਿਟੀਜ਼ਨਾਂ ਲਈ ਸ਼ੈਲਟਰ ਹੋਮ ਦਾ ਇਹ ਕਾਰਜ ਅਰੰਭਿਆ ਗਿਆ ਹੈ | ਇਸ ਮੌਕੇ ਸੰਸਥਾ ਨੂੰ ਦਾਨ ਦੇਣ ਵਾਲੇ ਚਰਨਜੀਤ ਸਿੰਘ ਸਾਹਨੀ, ਮਾਸਟਰ ਬਲਬੀਰ ਸਿੰਘ ਸਰਾਂ ਸਮੇਤ ਪਹੁੰਚੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਬਾਬਾ ਪਰਮਜੀਤ ਸਿੰਘ ਭੱਟੀ ਡਸਕਾ, ਚੇਅਰਮੈਨ ਸਤੀਸ਼ ਸਿੰਗਲਾ, ਚੇਅਰਮੈਨ ਬਲਾਕ ਸੰਮਤੀ ਬਲਬੀਰ ਸਿੰਘ, ਟਰੱਕ ਯੂਨੀਅਨ ਪ੍ਰਧਾਨ ਗੁਰਮੀਤ ਸਿੰਘ ਭਾਦੜਾ, ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਹਾਕਮਵਾਲਾ, ਸੁਭਾਸ਼ ਨਾਗਪਾਲ, ਬਲਵੰਤ ਸਿੰਘ ਭੀਖੀ, ਡਾ ਨਵੀਨ ਸਿੰਗਲਾ, ਗੁਰਦਰਸ਼ਨ ਸਿੰਘ ਮੰਢਾਲੀ, ਪ੍ਰਗਟ ਸਿੰਘ ਰੱਲੀ, ਰਘੂਨਾਥ ਸਿੰਗਲਾ, ਪ੍ਰੇਮ ਸਿੰਘ ਦੋਦੜਾ, ਕੁਲਦੀਪ ਸ਼ੀਮਾਰ, ਸੁਰਜੀਤ ਸਿੰਘ ਟੀਟਾ, ਵੈਦ ਗੁਰਮੁਖ ਸਿੰਘ ਆਦਿ ਹਾਜ਼ਰ ਸਨ |