ਸੁਖਬੀਰ ਨੇ ਬੁਢਲਾਡਾ ਹਲਕੇ ਤੋਂ ਡਾ. ਨਿਸ਼ਾਨ ਸਿੰਘ ਤੇ ਮਾਨਸਾ ਤੋਂ ਪ੍ਰੇਮ ਕੁਮਾਰ ਅਰੋੜਾ ਉਮੀਦਵਾਰ ਐਲਾਨੇ
ਅਜੀਤ ਡੈਸਕ
08-04-2026
ਬੁਢਲਾਡਾ (ਮਾਨਸਾ), 7 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ/ਸੁਨੀਲ ਮਨਚੰਦਾ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਾਨਸਾ ਤੇ ਬੁਢਲਾਡਾ ਵਿਧਾਨ ਸਭਾ ਹਲਕੇ ਤੋਂ ਪਾਰਟੀ ਉਮੀਦਵਾਰਾਂ ਨੂੰ ਥਾਪੜਾ ਦੇ ਦਿੱਤਾ ਹੈ | 'ਪੰਜਾਬ ਬਚਾਓ' ਰੈਲੀਆਂ ਦੀ ਲੜੀ ਤਹਿਤ ਬੁਢਲਾਡਾ ਵਿਖੇ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਐਤਕੀਂ ਡਾ. ਨਿਸ਼ਾਨ ਸਿੰਘ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਾ ਦੇਣ | ਇਸੇ ਤਰ੍ਹਾਂ ਮੰਚ 'ਤੇ ਹਾਜ਼ਰ ਮਾਨਸਾ ਹਲਕੇ ਦੇ ਇੰਚਾਰਜ ਪ੍ਰੇਮ ਕੁਮਾਰ ਅਰੋੜਾ ਨੂੰ ਖੜ੍ਹਾ ਕਰ ਕੇ ਸੁਖਬੀਰ ਨੇ ਕਿਹਾ ਕਿ ਅਰੋੜਾ ਦੀ ਬੇੜੀ ਵੀ 2027 'ਚ ਪਾਰ ਕਰਾ ਦਿੱਤੀ ਜਾਵੇ ਕਿਉਂਕਿ ਮਾਨਸਾ ਬੁਢਲਾਡੇ ਵਾਲਿਆਂ ਦਾ ਗੁਆਂਢੀ ਹਲਕਾ ਹੈ | ਜ਼ਿਕਰਯੋਗ ਹੈ ਕਿ ਜ਼ਿਲੇ੍ਹ'ਚ 3 ਵਿਧਾਨ ਸਭਾ ਹਲਕੇ ਪੈਂਦੇ ਹਨ ਜਦਕਿ ਸ: ਬਾਦਲ ਸਰਦੂਲਗੜ੍ਹਹਲਕੇ ਦੀ ਝੁਨੀਰ ਰੈਲੀ ਮੌਕੇ ਪਹਿਲਾਂ ਹੀ ਸਾਬਕਾ ਵਿਧਾਇਕ ਦਿਲਰਾਜ ਸਿੰਘ ਭੂੰਦੜ ਨੂੰ ਉਮੀਦਵਾਰ ਐਲਾਨ ਚੁੱਕੇ ਹਨ | ਕਾਬਲੇ-ਗ਼ੌਰ ਰਹੇ ਡਾ. ਸਿੰਘ ਬੁਢਲਾਡਾ ਤੋਂ 2017 ਤੇ 2022 'ਚ ਚੋਣ ਲੜ ਚੁੱਕੇ ਹਨ | ਇਸੇ ਤਰ੍ਹਾਂ ਸ੍ਰੀ ਅਰੋੜਾ 2022 'ਚ ਮਾਨਸਾ ਤੋਂ ਅਕਾਲੀ ਦਲ ਦੇ ਉਮੀਦਵਾਰ ਸਨ | 'ਅਜੀਤ' ਨਾਲ ਗੱਲਬਾਤ ਕਰਦਿਆਂ ਦੋਵਾਂ ਆਗੂਆਂ ਨੇ ਸੁਖਬੀਰ ਸਿੰਘ ਬਾਦਲ, ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਤੇ ਪਾਰਟੀ ਦੇ ਸਕੱਤਰ ਜਨਰਲ ਬਲਵਿੰਦਰ ਸਿੰਘ ਭੂੰਦੜ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਹਿਲਾਂ ਵਾਂਗ ਦਿਨ-ਰਾਤ ਮਿਹਨਤ ਕਰਦੇ ਰਹਿਣਗੇ ਅਤੇ ਵੋਟਰਾਂ ਦੇ ਸਹਿਯੋਗ ਨਾਲ ਜਿੱਤ ਹਾਸਲ ਕਰਨਗੇ | ਉੱਧਰ ਪਾਰਟੀ ਵਰਕਰਾਂ ਨੇ ਇਸ ਐਲਾਨ ਦਾ ਸਵਾਗਤ ਕਰਦਿਆਂ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ ਹੈ |