ਬੁਢਲਾਡਾ, 10 ਅਪ੍ਰੈਲ (ਸਵਰਨ ਸਿੰਘ ਰਾਹੀ)-ਕੇਂਦਰ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਅਤੇ ਲਾਮਬੰਦ ਕਰਨ ਲਈ 15 ਅਪ੍ਰੈਲ ਨੂੰ ਸੰਵਿਧਾਨ ਨਿਰਮਾਤਾ ਡਾ. ਬੀ.ਆਰ. ਅੰਬੇਡਕਰ ਦੇ 135ਵੇਂ ਜਨਮ ਦਿਵਸ ਨੂੰ ਸਮਰਪਿਤ ਕਨਵੈੱਨਸ਼ਨ ਦੀਆਂ ਤਿਆਰੀਆਂ ਸਬੰਧੀ ਬੁਢਲਾਡਾ ਲੀਡਰਸ਼ਿਪ ਦੀ ਮੀਟਿੰਗ ਹੋਈ | ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾਈ ਆਗੂ ਕਾ. ਕਿ੍ਸ਼ਨ ਸਿੰਘ ਚੌਹਾਨ ਅਤੇ ਏਟਕ ਆਗੂ ਕਾ. ਵੇਦ ਪ੍ਰਕਾਸ਼ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਸੰਵਿਧਾਨ ਨੂੰ ਕਮਜ਼ੋਰ ਕਰ ਕੇ ਸੋਧ ਦੇ ਨਾਂਅ ਹੇਠ ਨਵੇਂ ਕਿਰਤ ਵਿਰੋਧੀ ਕਾਨੂੰਨ ਬਣਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਚਾਰ ਲੇਬਰ ਕੋਡ, ਨਵੇਂ ਬਣੇ ਜੀ ਰਾਮ ਜੀ ਕਾਨੂੰਨ ਸਮੇਤ ਦਿਹਾੜੀ ਸਮਾਂ 8 ਤੋਂ 12 ਘੰਟੇ ਕਰਨ ਲਈ ਕੇਂਦਰ ਸਰਕਾਰ ਨੇ ਕਿਰਤੀ ਵਰਗ ਨਾਲ ਵੱਡਾ ਧੋਖਾ ਕੀਤਾ ਹੈ | ਖੇਤ ਮਜ਼ਦੂਰ ਸਭਾ ਦੇ ਆਗੂ ਸੀਤਾਰਾਮ ਗੋਬਿੰਦਪੁਰਾ ਅਤੇ ਏਟਕ ਆਗੂ ਕਾ. ਜਗਸੀਰ ਸਿੰਘ ਰਾਏਕੇ ਨੇ ਕਿਹਾ ਕਿ ਮਜ਼ਦੂਰ ਵਿਰੋਧੀ ਨੀਤੀਆਂ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਲਈ ਸੰਘਰਸ਼ਸ਼ੀਲ ਜਥੇਬੰਦੀਆਂ ਦਾ ਲਾਮਬੰਦ ਹੋਣਾ ਸਮੇਂ ਦੀ ਵੱਡੀ ਲੋੜ ਹੈ | ਉਨ੍ਹਾਂ ਦੱਸਿਆ ਕਿ ਕਨਵੈੱਨਸ਼ਨ ਨੂੰ ਕਾ. ਨਿਰਮਲ ਸਿੰਘ ਧਾਲੀਵਾਲ, ਕਾ. ਹਰਦੇਵ ਸਿੰਘ ਅਰਸ਼ੀ ਸਮੇਤ ਪਾਰਟੀ ਦੇ ਹੋਰ ਆਗੂ ਸੰਬੋਧਨ ਕਰਨਗੇ | ਇਸ ਮੌਕੇ ਹਰਦਿਆਲ ਸਿੰਘ ਬੁਢਲਾਡਾ, ਮਾ. ਰਘੂ ਨਾਥ ਸਿੰਗਲਾ, ਲਾਲ ਚੰਦ ਬੁਢਲਾਡਾ, ਝੰਡਾ ਸਿੰਘ ਆਦਿ ਹਾਜ਼ਰ ਸਨ |