ਮਾਨਸਾ, 12 ਅਪ੍ਰੈਲ (ਰਾਵਿੰਦਰ ਸਿੰਘ ਰਵੀ)-ਵਾਇਸ ਆਫ਼ ਮਾਨਸਾ ਦੀ ਮੀਟਿੰਗ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਸ਼ਹਿਰ ਦੇ ਲੋਕ ਭਲਾਈ ਵਾਲੇ ਭਖਦੇ ਮੁੱਦਿਆਂ 'ਤੇ ਚਰਚਾ ਕੀਤੀ ਗਈ | ਬੁਲਾਰਿਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਵੱਛ ਭਾਰਤ ਮਿਸ਼ਨ ਤਹਿਤ ਵੱਖ-ਵੱਖ ਥਾਵਾਂ 'ਤੇ ਬਣਾਏ ਜਾਣ ਵਾਲੇ ਜਨਤਕ ਪਖਾਨੇ ਬਣਾਉਣ ਲਈ ਕੇਂਦਰ ਸਰਕਾਰ ਵਲੋਂ ਜਾਰੀ ਕੀਤੀ ਗਈ ਗ੍ਰਾਂਟ ਨੂੰ ਦੁਬਾਰਾ ਮੰਗਵਾ ਕੇ ਸ਼ਹਿਰ 'ਚ ਪਖਾਨੇ ਬਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ ਗਿਆ | ਉਨ੍ਹਾਂ ਜ਼ਿਲ੍ਹਾ ਕਚਹਿਰੀਆਂ ਦੇ ਮੁੱਖ ਗੇਟ ਤੋਂ ਮਾਨਸਾ ਖ਼ੁਰਦ ਤੱਕ ਬਣ ਰਹੀ ਸੜਕ 'ਤੇ ਪਾਏ ਘਟੀਆ ਮਟੀਰੀਅਲ ਲਈ ਪ੍ਰਸ਼ਾਸਨ ਵਲੋਂ ਕੀਤੀ ਜਾ ਰਹੀ ਕਾਰਵਾਈ 'ਤੇ ਚਿੰਤਾ ਪ੍ਰਗਟਾਉਂਦਿਆਂ ਲੋਕਾਂ ਨੂੰ ਜਾਗਰੂਕ ਹੋ ਕੇ ਅਜਿਹੇ ਵਰਤਾਰੇ ਰੋਕਣ ਲਈ ਅੱਗੇ ਆਉਣ ਦੀ ਬੇਨਤੀ ਕੀਤੀ ਗਈ | ਮੀਂਹ ਦੇ ਮੌਸਮ ਤੋਂ ਪਹਿਲਾਂ ਸ਼ਹਿਰ ਦੀ ਹਰੇਕ ਗਲੀ-ਮੁੱਹਲੇ 'ਚ ਕੀਟਨਾਸ਼ਕਾਂ ਦੇ ਛਿੜਕਾਅ ਦੀ ਵੀ ਮੰਗ ਕੀਤੀ ਗਈ | ਪੀਣ ਵਾਲੇ ਪਾਣੀ ਦੀ ਸਪਲਾਈ 'ਚ ਹੋ ਰਹੀ ਸੀਵਰੇਜ ਦੇ ਪਾਣੀ ਦੀ ਰਲਾਵਟ 'ਤੇ ਚਿੰਤਾ ਦਾ ਪ੍ਰਗਟਾਉਂਦਿਆਂ ਮੰਗ ਉਠਾਈ ਗਈ ਕਿ ਲੋਕਾਂ ਨੂੰ ਸ਼ੁੱਧ ਪਾਣੀ ਸਪਲਾਈ ਕਰਨ ਲਈ ਪ੍ਰਸ਼ਾਸਨ ਨਿੱਗਰ ਕਦਮ ਉਠਾਵੇ ਅਤੇ ਵਾਟਰ ਸਪਲਾਈ ਕੁਨੈਕਸ਼ਨਾਂ 'ਚੋਂ ਪਾਣੀ ਰਿਸਣ ਨੂੰ ਬੰਦ ਕਰਨ ਦੀ ਮੰਗ ਕੀਤੀ ਗਈ | ਪ੍ਰਧਾਨ ਡਾ. ਸਿੰਗਲਾ ਨੇ ਸੰਸਥਾ ਵਲੋਂ ਸਾਰੇ ਮੁੱਦਿਆਂ 'ਤੇ ਪੱਖ ਰੱਖਦਿਆਂ ਦੱਸਿਆ ਕਿ ਅਗਲੇ ਦਿਨਾਂ 'ਚ ਜ਼ਿਲ੍ਹਾ ਅਧਿਕਾਰੀਆਂ ਤੋਂ ਇਲਾਵਾ ਵੱਖ-ਵੱਖ ਮਹਿਕਮਿਆਂ ਦੇ ਅਫ਼ਸਰਾਂ ਨੂੰ ਮਿਲਿਆ ਜਾਵੇਗਾ ਤਾਂ ਕਿ ਲੋਕ ਸਮੱਸਿਆ ਨੂੰ ਹੱਲ ਕਰਵਾਇਆ ਜਾਵੇ | ਇਸ ਮੌਕੇ ਬਲਵਿੰਦਰ ਸਿੰਘ ਕਾਕਾ, ਹਰਿੰਦਰ ਸਿੰਘ ਮਾਨਸ਼ਾਹੀਆ, ਲਖਵਿੰਦਰ ਸਿੰਘ ਮੂਸਾ, ਓਮ ਪ੍ਰਕਾਸ਼, ਹਰਜੀਵਨ ਸਿੰਘ ਸਰਾਂ, ਨਰਿੰਦਰ ਸ਼ਰਮਾ, ਨਰੇਸ਼ ਬਿਰਲਾ, ਬਿੱਕਰ ਸਿੰਘ ਮਘਾਣੀਆ, ਸੇਠੀ ਸਿੰਘ ਸਰਾਂ, ਰੁਲਦੂ ਰਾਮ ਨੰਦਗੜ੍ਹੀਆ, ਕੇਸਰ ਸਿੰਘ ਧਲੇਵਾਂ, ਹੰਸਰਾਜ ਮੋਫਰ, ਬਿਕਰਮਜੀਤ ਟੈਕਸਲਾ, ਵਿਸ਼ਵਦੀਪ ਸਿੰਘ ਬਰਾੜ, ਡਾ. ਸ਼ੇਰ ਜੰਗ ਸਿੰਘ ਸਿੱਧੂ, ਕਿ੍ਸ਼ਨ ਕੁਮਾਰ ਚੁੱਘ ਆਦਿ ਹਾਜ਼ਰ ਸਨ |
ਵਾਇਸ ਆਫ਼ ਮਾਨਸਾ ਵਲੋਂ ਸ਼ਹਿਰੀਆਂ ਦੇ ਮੁੱਦਿਆਂ ਨੂੰ ਹੱਲ ਕਰਵਾਉਣ ਲਈ ਵਿਚਾਰ-ਚਰਚਾ <br/>
ਅਜੀਤ ਡੈਸਕ
13-04-2026