ਭੀਖੀ/ਸਰਦੂਲਗੜ੍ਹ, 14 ਅਪ੍ਰੈਲ (ਬਲਕਾਰ ਸਿੰਘ ਸਹੋਤਾ/ਜੀ.ਐਮ. ਅਰੋੜਾ)-ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ ਦੀ ਦੇਖ-ਰੇਖ ਹੇਠ ਕੇਂਦਰੀ ਖ਼ੁਰਾਕ, ਜਨਤਕ ਵੰਡ ਤੇ ਖਪਤਕਾਰ ਮਾਮਲੇ ਮੰਤਰਾਲਾ ਅਤੇ ਭਾਰਤੀ ਖ਼ੁਰਾਕ ਨਿਗਮ ਦੇ ਅਧਿਕਾਰੀਆਂ ਦੀ ਟੀਮ ਵਲੋਂ ਅਨਾਜ ਮੰਡੀ ਭੀਖੀ ਤੇ ਸਰਦੂਲਗੜ੍ਹ ਵਿਖੇ ਕਣਕ ਦੀ ਗੁਣਵੱਤਾ ਪਰਖ ਲਈ ਨਮੂਨੇ ਇਕੱਠੇ ਕੀਤੇ ਗਏ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ 'ਚ ਪਿਛਲੇ ਦਿਨੀਂ ਗੜੇਮਾਰੀ ਤੇ ਮੀਂਹ ਦੇ ਪ੍ਰਭਾਵ ਨਾਲ ਕਈ ਥਾਵਾਂ 'ਤੇ ਕਣਕ ਦੇ ਦਾਣੇ ਕਾਲੇ ਪੈ ਗਏ ਹਨ ਜਾਂ ਸੁੰਗੜ ਗਏ ਹਨ, ਜਿਸ ਨਾਲ ਗੁਣਵੱਤਾ ਪ੍ਰਭਾਵਿਤ ਹੋਈ ਹੈ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਕੇਂਦਰੀ ਟੀਮ ਵਲੋਂ ਕਣਕ ਦੀਆਂ ਵੱਖ-ਵੱਖ ਢੇਰੀਆਂ ਦੀ ਸੈਂਪਲਿੰਗ ਕੀਤੀ ਜਾ ਰਹੀ ਹੈ, ਜਿਸ ਦੀ ਚੰਡੀਗੜ੍ਹ ਵਿਖੇ ਲੈਬ ਟੈਸਟਿੰਗ ਹੋਵੇਗੀ | ਡੀ.ਸੀ. ਨੇ ਕਿਹਾ ਕਿ ਕਣਕ ਦੀ ਖ਼ਰੀਦ 'ਚ ਕੋਈ ਵੀ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਅਗਲੇ 1-2 ਦਿਨਾਂ 'ਚ ਕਣਕ ਦੀ ਖ਼ਰੀਦ ਸ਼ੁਰੂ ਹੋ ਜਾਵੇਗੀ | ਉਨ੍ਹਾਂ ਕਿਸਾਨਾਂ ਨੂੰ ਸੰਜਮ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਕਣਕ ਦੀ ਖ਼ਰੀਦ ਲਈ ਪ੍ਰਤੀਬੱਧ ਹੈ | ਇੱਕ ਸਵਾਲ ਦੇ ਜਵਾਬ 'ਚ ਡੀ.ਸੀ. ਨੇ ਕਿਹਾ ਕਿ ਕੇਂਦਰੀ ਏਜੰਸੀਆਂ ਵਲੋਂ ਕਣਕ ਦੇ ਨਮੂਨੇ ਇਕੱਠੇ ਕਰਨ ਦਾ ਕੋਈ ਸਿਆਸੀ ਮੰਤਵ ਜਾਂ ਦਬਾਅ ਨਹੀਂ ਹੈ ਸਗੋਂ ਇਹ ਖਾਦ ਪਦਾਰਥਾਂ ਦੀ ਗੁਣਵੱਤਾ ਨੂੰ ਬਰਕਰਾਰ ਰੱਖਣ ਲਈ ਕੀਤਾ ਜਾ ਰਿਹਾ ਹੈ | ਉੱਧਰ ਟੀਮ 'ਚ ਸ਼ਾਮਿਲ ਤਕਨੀਕੀ ਅਫ਼ਸਰ ਅਨੂਪਮਾ ਕੁਮਾਰੀ ਅਤੇ ਅਵਿਸ਼ੇਕ ਕੁਮਾਰ ਨੇ ਦੱਸਿਆ ਕਿ ਕਣਕ ਦੀ ਖੁਰਾਕੀ ਅਤੇ ਉੱਤਮਤਾ ਲਈ ਨਮੂਨਿਆਂ ਦੀ ਵਿਸਥਾਰਤ ਜਾਂਚ ਕੀਤੀ ਜਾਵੇਗੀ | ਇਸ ਮੌਕੇ ਭਾਰਤੀ ਖ਼ੁਰਾਕ ਨਿਗਮ ਦੇ ਕੁਆਲਿਟੀ ਮੈਨੇਜਰ ਸੀਤਾ ਰਾਮ ਮੀਨਾ, ਖ਼ੁਰਾਕ ਤੇ ਸਪਲਾਈ ਵਿਭਾਗ ਦੇ ਡਿਪਟੀ ਡਾਇਰੈਕਟਰ ਅਤਿੰਦਰ ਕੌਰ, ਡੀ.ਐਫ਼.ਐਸ.ਸੀ ਮਨਦੀਪ ਸਿੰਘ ਮਾਨ, ਚੇਅਰਮੈਨ ਮਾਰਕੀਟ ਕਮੇਟੀ ਭੀਖੀ ਵਰਿੰਦਰ ਸੋਨੀ, ਚੇਅਰਮੈਨ ਮਾਰਕੀਟ ਕਮੇਟੀ ਸਰਦੂਲਗੜ੍ਹ ਰਾਏ ਸਿੰਘ, ਗੁਰਵਿੰਦਰ ਸਿੰਘ ਸਮੇਤ ਖ਼ਰੀਦ ਏਜੰਸੀਆਂ ਦੇ ਅਧਿਕਾਰੀ ਹਾਜ਼ਰ ਸਨ |
ਕਣਕ ਦੀ ਖ਼ਰੀਦ 'ਚ ਕੋਈ ਦਿੱਕਤ ਨਹੀਂ ਪੇਸ਼ ਆਉਣ ਦਿੱਤੀ ਜਾਵੇਗੀ-ਡੀ.ਸੀ.
ਅਜੀਤ ਡੈਸਕ
15-04-2026