ਮਾਨਸਾ, 17 ਅਪ੍ਰੈਲ (ਸਟਾਫ਼ ਰਿਪੋਰਟਰ)- ਖੇਤ ਮਜ਼ਦੂਰ ਸਭਾ ਵਲੋਂ ਡਾ. ਬੀ. ਆਰ. ਅੰਬੇਡਕਰ ਦੇ 135ਵੇਂ ਜਨਮ ਦਿਵਸ ਮੌਕੇ ਕਨਵੈੱਨਸ਼ਨ ਕੀਤੀ ਗਈ | ਟਰੇਡ ਯੂਨੀਅਨ ਆਗੂ ਨਿਰਮਲ ਸਿੰਘ ਧਾਲੀਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀ ਰਾਜ-ਸੱਤਾ ਤੇ ਸੰਵਿਧਾਨ ਵਿਰੋਧੀ ਤਾਕਤਾਂ ਕਾਬਜ਼ ਹਨ, ਜਿਨ੍ਹਾਂ ਨੂੰ ਲਾਂਭੇ ਕਰਨਾ ਅਤੇ ਸੰਵਿਧਾਨ ਤੇ ਦੇਸ਼ ਦੀ ਰਾਖੀ ਹੀ ਬਾਬਾ ਸਾਹਿਬ ਦੇ ਸੁਪਨਿਆਂ ਨੂੰ ਪੂਰਾ ਕਰਨਾ ਸਮੇਂ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਲੰਮੇ ਅਰਸੇ ਤੇ ਕੁਰਬਾਨੀਆਂ ਤੇ ਸੰਘਰਸ਼ਾਂ ਰਾਹੀਂ ਪ੍ਰਾਪਤ ਕੀਤੇ ਗਏ ਕਿਰਤ ਕਾਨੂੰਨਾਂ ਨੂੰ ਸੋਧ ਰਾਹੀਂ ਖ਼ਤਮ ਕਰ ਕੇ ਕਿਰਤ ਵਿਰੋਧੀ ਅਤੇ ਸਰਮਾਏਦਾਰਾਂ ਪੱਖੀ ਕਾਨੂੰਨ ਲਾਗੂ ਕੀਤੇ ਜਾ ਚੁੱਕੇ ਹਨ | ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਚਿੰਤਾ ਜ਼ਾਹਿਰ ਕੀਤੀ ਤੇ ਕਾਲੇ ਕਾਨੂੰਨਾਂ ਰਾਹੀਂ ਸਮਾਜਿਕ ਬਰਾਬਰੀ ਤੇ ਰਾਖਵਾਂਕਰਨ ਖ਼ਤਮ ਕਰਨ ਤੇ ਦਲਿਤਾਂ ਮਜ਼ਦੂਰਾਂ ਨੂੰ ਮੁੜ ਗੁਲਾਮੀ ਵੱਲ ਧੱਕਣ ਦਾ ਖ਼ਦਸ਼ਾ ਜ਼ਾਹਿਰ ਕੀਤਾ ਗਿਆ | ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਦੇ ਸੰਘਰਸ਼ਮਈ ਜੀਵਨੀ ਤੋਂ ਪ੍ਰੇਰਨਾ ਲੈ ਕੇ ਪੜ੍ਹਨਾ, ਜੁੜਨਾ ਅਤੇ ਸੰਘਰਸ਼ ਦੇ ਤੁਰਨਾ ਹੋਵੇਗਾ | ਕਨਵੈੱਨਸ਼ਨ ਨੂੰ ਕਿ੍ਸ਼ਨ ਚੌਹਾਨ, ਸੀਤਾਰਾਮ ਗੋਬਿੰਦਪੁਰਾ, ਕਰਨੈਲ ਸਿੰਘ ਭੀਖੀ ਆਦਿ ਨੇ ਸੰਬੋਧਨ ਕੀਤਾ |