ਭੀਖੀ, 19ਅਪ੍ਰੈਲ (ਬਲਕਾਰ ਸਿੰਘ ਸਹੋਤਾ)-ਸਥਾਨਕ ਸਤੀ ਮਾਤਾ ਮੰਦਿਰ ਵਿਖੇ ਨੌਜਵਾਨ ਬ੍ਰਾਹਮਣ ਸਭਾ ਅਤੇ ਵੈੱਲਫੇਅਰ ਕਮੇਟੀ ਵਲੋਂ ਭਗਵਾਨ ਸ੍ਰੀ ਪਰਸ਼ੂਰਾਮ ਜੀ ਦਾ ਜਨਮ ਦਿਹਾੜਾ ਸ਼ਰਧਾ ਭਾਵ ਨਾਲ ਮਨਾਇਆ ਗਿਆ | ਇਸ ਦੌਰਾਨ ਵਿਸ਼ਾਲ ਸ਼ੋਭਾ ਯਾਤਰਾ ਤੋਂ ਇਲਾਵਾ ਸ੍ਰੀ ਰਾਮਚਰਿਤ ਮਾਨਸ ਦੇ ਭੋਗ ਵੀ ਪਾਏ ਗਏ | ਪੰਡਿਤ ਸ਼ਾਮ ਲਾਲ ਸ਼ਾਸਤਰੀ ਨੇ ਕਿਹਾ ਕਿ ਜਦੋਂ ਵੀ ਧਰਤੀ 'ਤੇ ਪਾਪ ਵਧਦਾ ਹੈ ਤਦ ਕਿਸੇ ਮਹਾਂਪੁਰਸ਼ ਨੂੰ ਅਵਤਾਰ ਲੈ ਕੇ ਜ਼ਾਲਮਾਂ ਦਾ ਨਾਸ਼ ਕਰਨਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਪ੍ਰਭੂ ਪਰਸ਼ੂਰਾਮ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਹਮੇਸ਼ਾ ਬੇਇਨਸਾਫ਼ੀ ਅਤੇ ਜ਼ੁਲਮ ਵਿਰੁੱਧ ਖੜ੍ਹੇ ਹੋਣ ਲਈ ਤਿਆਰ ਰਹਿਣਾ ਚਾਹੀਦਾ ਹੈ | ਹਲਕਾ ਵਿਧਾਇਕ ਡਾ. ਵਿਜੇ ਸਿੰਗਲਾ ਨੇ ਕਿਹਾ ਕਿ ਜੋ ਕੌਮਾਂ ਆਪਣੇ ਪੁਰਖਿਆਂ ਨੂੰ ਯਾਦ ਰੱਖਦੀਆਂ ਹਨ ਉਨ੍ਹਾਂ ਦਾ ਵਜੂਦ ਹਮੇਸ਼ਾ ਕਾਇਮ ਰਹਿੰਦਾ ਹੈ | ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਲੋਕਾਂ ਨੂੰ ਧਾਰਮਿਕ ਭਾਵਨਾ ਨਾਲ ਜੋੜੇ ਰੱਖਣ ਲਈ ਨਿਰੰਤਰ ਵੱਖ-ਵੱਖ ਧਾਰਮਿਕ ਸਥਾਨਾਂ ਦੀ ਮੁਫ਼ਤ ਅਤੇ ਆਰਾਮਦਾਇਕ ਯਾਤਰਾਵਾਂ ਕਰਵਾ ਰਹੀ ਹੈ | ਪ੍ਰਧਾਨ ਜਸਵੀਰ ਸ਼ਰਮਾ ਨੇ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਧਾਰਮਿਕ ਅਤੇ ਸਮਾਜਿਕ ਕੰਮਾਂ 'ਚ ਹਮੇਸ਼ਾ ਅੱਗੇ ਹੋ ਕੇ ਵਿਚਰੇਗੀ | ਇਸ ਮੌਕੇ ਮਾਰਕਿਟ ਕਮੇਟੀ ਦੇ ਚੇਅਰਮੈਨ ਮਾ. ਵਰਿੰਦਰ ਸੋਨੀ, ਪ੍ਰੇਮ ਕੁਮਾਰ ਅਰੋੜਾ, ਅਮਨ ਸਿੰਗਲਾ ਢੈਪਈ, ਬਲਕੌਰ ਸਿੰਘ ਮੂਸੇ ਵਾਲਾ, ਚਮਕੌਰ ਸਿੰਘ ਮੂਸੇ ਵਾਲਾ, ਮੁਨੀਸ਼ ਬੱਬੀ ਦਾਨੇਵਾਲੀਆ, ਡਾ. ਗੁਰਤੇਜ ਸਿੰਘ ਚਹਿਲ, ਰਜਨੀਸ਼ ਸ਼ਰਮਾ ਆਦਿ ਹਾਜ਼ਰ ਸਨ |