ਭੀਖੀ, 21ਅਪ੍ਰੈਲ (ਬਲਕਾਰ ਸਿੰਘ ਸਹੋਤਾ)- ਸਥਾਨਕ ਮਾਰਕਿਟ ਕਮੇਟੀ ਅਧੀਨ ਆਉਂਦੇ 26 ਖ਼ਰੀਦ ਕੇਂਦਰਾਂ 'ਚ 57 ਹਜ਼ਾਰ 345 ਮੀਟਰਿਕ ਟਨ ਕਣਕ ਦੀ ਆਮਦ ਹੋਈ ਹੈ, 'ਚੋਂ 38 ਹਜ਼ਾਰ 915 ਮੀਟਰਿਕ ਟਨ ਦੀ ਖ਼ਰੀਦ ਹੋ ਚੁੱਕੀ ਹੈ ਪੰ੍ਰਤੂ ਸਾਰੇ ਹੀ ਕੇਂਦਰਾਂ 'ਤੇ ਕਣਕ ਦੀ ਲਿਫ਼ਟਿੰਗ 'ਚ ਸਮੱਸਿਆ ਆ ਰਹੀ ਹੈ ਅਤੇ ਕੇਵਲ 15 ਹਜ਼ਾਰ 234 ਮੀਟਰਿਕ ਟਨ ਕਣਕ ਦੀ ਲਿਫ਼ਟਿੰਗ ਹੋਈ ਹੈ | ਮੁੱਖ ਯਾਰਡ ਭੀਖੀ ਸਮੇਤ ਸਾਰੇ ਹੀ ਖ਼ਰੀਦ ਕੇਂਦਰਾਂ 'ਤੇ ਕਣਕ ਦੀ ਲਹਾਈ ਅਤੇ ਸਫ਼ਾਈ 'ਚ ਵੱਡੀ ਸਮੱਸਿਆ ਆ ਰਹੀ ਹੈ | ਕਮੇਟੀ ਸਕੱਤਰ ਗੁਰਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖ਼ਰੀਦ ਏਜੰਸੀ ਪਨਗਰੇਨ ਨੇ 10 ਹਜ਼ਾਰ 390, ਮਾਰਕਫੈੱਡ ਨੇ 13 ਹਜ਼ਾਰ 095, ਪਨਸਪ ਨੇ 9 ਹਜ਼ਾਰ 565 ਅਤੇ ਵੇਅਰ ਹਾਊਸ ਕਾਰਪੋਰੇਸ਼ਨ ਨੇ 5 ਹਜ਼ਾਰ 650 ਮੀਟਰਿਕ ਟਨ ਕਣਕ ਦੀ ਖ਼ਰੀਦ ਕੀਤੀ ਹੈ | ਚੇਅਰਮੈਨ ਵਰਿੰਦਰ ਸੋਨੀ ਨੇ ਦੱਸਿਆ ਕਿ ਬੇਸ਼ੱਕ ਕਣਕ ਦੀ ਲਿਫ਼ਟਿੰਗ ਨੂੰ ਲੈ ਕੇ ਕੁਝ ਸਮੱਸਿਆ ਜ਼ਰੂਰ ਹੈ ਪ੍ਰੰਤੂ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਖ਼ਰੀਦ 'ਚ ਕੋਈ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾ ਰਹੀ | ਉਨ੍ਹਾਂ ਕਿਹਾ ਕਿ ਲਿਫ਼ਟਿੰਗ ਸਬੰਧੀ ਵੀ ਸਬੰਧਿਤ ਠੇਕੇਦਾਰ ਨੂੰ ਲੇਬਰ ਦੀ ਪੂਰਤੀ ਲਈ ਕਿਹਾ ਗਿਆ ਹੈ | ਇਸ ਮੌਕੇ ਮੰਡੀ ਸੁਪਰਵਾਇਜਰ ਵਿਨੋਦ ਕੁਮਾਰ, ਜਗਤਾਰ ਸਿੰਘ ਸੋਹੀ, ਪਿ੍ੰਸ ਕੁਮਾਰ, ਬਿਕਰਮਜੀਤ ਸਿੰਘ ਆਦਿ ਹਾਜ਼ਰ ਸਨ |