ਬੁਢਲਾਡਾ, 22 ਅਪ੍ਰੈਲ (ਸਵਰਨ ਸਿੰਘ ਰਾਹੀ)-ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੀ ਰਹਿਨੁਮਾਈ ਅਤੇ ਪਿ੍ੰਸੀਪਲ ਡਾ. ਬੂਟਾ ਸਿੰਘ ਸੇਖੋਂ ਦੀ ਅਗਵਾਈ ਹੇਠ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਅਹਿਮਦਪੁਰ ਵਿਖੇ 'ਲਿੰਗ ਸੰਵੇਦਨਸ਼ੀਲਤਾ' ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ | ਲਿੰਗ ਸਮਾਨਤਾ ਲਈ ਕਾਰਜਸ਼ੀਲ ਚੰਡੀਗੜ੍ਹ ਦੀ ਸਮਾਜਿਕ ਸੰਸਥਾ 'ਬ੍ਰੇਕਥਰੋ' ਦੇ ਇੰਚਾਰਜ ਰਸ਼ਮੀ ਦਿਵੇਦੀ, ਅਕਸ਼ੇ ਕੁਮਾਰ ਅਤੇ ਨੀਲਮਾ ਨੇ ਕਿਹਾ ਕਿ ਅਜੋਕੇ ਸਮੇਂ ਹਰ ਪੱਧਰ 'ਤੇ ਲਿੰਗ ਸਮਾਨਤਾ ਪ੍ਰਤੀ ਜਾਗਰੂਕਤਾ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਪਾਠ-ਪੁਸਤਕਾਂ ਵਿਚ ਵੀ ਲਿੰਗ ਸਮਾਨਤਾ ਦੇ ਸੰਕਲਪਾਂ ਨੂੰ ਸ਼ਾਮਿਲ ਕੀਤਾ ਗਿਆ ਹੈ | ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਤਿਆਰ ਕੀਤੇ ਗਏ ਸਰਵੇ ਮਡਿਊਲ ਵਿਚ ਟਰਾਂਸਜੈਂਡਰ ਸਬੰਧੀ ਪ੍ਰਸ਼ਨ ਵੀ ਸ਼ਾਮਿਲ ਕਰਨੇ ਚਾਹੀਦੇ ਹਨ | ਅਕਸ਼ੇ ਕੁਮਾਰ ਨੇ ਸਰਵੇ ਮਡਿਊਲ ਦੇ ਵੱਖ-ਵੱਖ ਪ੍ਰਸ਼ਨਾਂ ਦੇ ਵੱਖ-ਵੱਖ ਪਰਿਪੇਖਾਂ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ | ਇਸ ਸੈਮੀਨਾਰ ਚ ਅਕਾਦਮਿਕ ਸਹਾਇਤਾ ਗਰੁੱਪ ਦੇ ਜ਼ਿਲ੍ਹਾ ਤੇ ਬਲਾਕ ਕੋ-ਆਰਡੀਨੇਟਰ ਅਤੇ ਜ਼ਿਲ੍ਹੇ ਭਰ ਦੇ ਵੱਖ-ਵੱਖ ਸਕੂਲਾਂ ਦੇ ਅਧਿਆਪਕ ਵੀ ਸ਼ਾਮਿਲ ਹੋਏ | ਸੰਸਥਾ ਦੇ ਇੰਚਾਰਜ ਡਾ. ਅੰਗਰੇਜ਼ ਸਿੰਘ ਵਿਰਕ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਵਰਕਸ਼ਾਪ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਲਿੰਗ ਸੰਵੇਦਨਸ਼ੀਲਤਾ ਉੱਪਰ ਤਿਆਰ ਕੀਤੇ ਗਏ ਸਰਵੇ ਮਡਿਊਲ ਉੱਪਰ ਚਰਚਾ ਕੀਤੀ | ਇਸ ਮੌਕੇ ਡੀ. ਆਰ. ਸੀ. ਨਵਨੀਤ ਕੱਕੜ, ਲੈਕਚਰਾਰ ਸਰੋਜ ਰਾਣੀ ਤੇ ਨਵਦੀਪ ਕੌਰ, ਬਲਵਿੰਦਰ ਸਿੰਘ ਬਾਘਾ, ਪਰਸ਼ੋਤਮ ਸਿੰਘ, ਸਤਨਾਮ ਸਿੰਘ, ਬਲਦੇਵ ਪ੍ਰਕਾਸ਼ ਸਿੰਗਲਾ, ਜਸਪਾਲ ਕੌਰ, ਹਰਵਿੰਦਰ ਕੌਰ, ਮਗਿੰਦਰਜੀਤ ਸਿੰਘ ਆਦਿ ਹਾਜ਼ਰ ਸਨ |