ਬੁਢਲਾਡਾ, 27 ਅਪ੍ਰੈਲ (ਸੁਨੀਲ ਮਨਚੰਦਾ)-ਸ਼ੋ੍ਰਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਤੇ ਸਾਬਕਾ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕ ਮੌਜੂਦਾ ਰਾਜ ਸਰਕਾਰ ਦੀਆਂ ਨੀਤੀਆਂ ਤੋਂ ਅੱਕ ਚੁੱਕੇ ਹਨ ਅਤੇ ਅਸਲ ਬਦਲਾਅ ਚਾਹੁੰਦੇ ਹਨ | ਉਨ੍ਹਾਂ ਆਖਿਆ ਕਿ ਇਹ ਬਦਲਾਅ ਸ਼ੋ੍ਰਮਣੀ ਅਕਾਲੀ ਦਲ ਹੀ ਦੇ ਸਕਦਾ ਹੈ | ਨੇੜਲੇ ਪਿੰਡ ਕਲੀਪੁਰ ਵਿਖੇ ਪਾਰਟੀ ਦੇ ਸੂਬਾ ਡੈਲੀਗੇਟ ਹਰਮੇਲ ਸਿੰਘ ਕਲੀਪੁਰ ਦੇ ਘਰ ਉਨ੍ਹਾਂ ਦੀ ਭਰਜਾਈ ਪਰਮਜੀਤ ਕੌਰ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕਰਨ ਪਹੁੰਚੇ ਸ: ਭੂੰਦੜ ਨੇ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਕਰਦਿਆਂ ਆਖਿਆ ਕਿ 'ਆਪ' ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ 'ਤੇ ਖਰੀ ਨਹੀਂ ਉੱਤਰੀ | ਉਨ੍ਹਾਂ ਕਿਹਾ ਕਿ ਪੰਜਾਬ 'ਚ ਕਾਨੂੰਨ ਵਿਵਸਥਾ ਗੜਬੜਾਈ ਹੋਈ ਹੈ ਅਤੇ ਭਿ੍ਸ਼ਟਾਚਾਰ ਦਾ ਬੋਲਬਾਲਾ ਵਧਿਆ ਹੋਇਆ ਹੈ | ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ਦਾ ਵਿਕਾਸ ਹਮੇਸ਼ਾ ਸ਼ੋ੍ਰਮਣੀ ਅਕਾਲੀ ਦਲ ਦੀਆਂ ਸਰਕਾਰਾਂ ਮੌਕੇ ਹੀ ਹੋਇਆ ਹੈ | ਕਾਂਗਰਸ ਤੇ ਆਪ ਦੀ ਹਕੂਮਤ ਦੌਰਾਨ ਲੋਕ ਭਲਾਈ ਵਾਲੀਆਂ ਸਕੀਮਾਂ ਲਾਗੂ ਕਰਨ ਦੀ ਬਜਾਏ ਅਕਾਲੀ ਦਲ ਵਲੋਂ ਦਿੱਤੀਆਂ ਸਹੂਲਤਾਂ ਨੂੰ ਬੰਦ ਕੀਤਾ ਗਿਆ | ਇਸ ਮੌਕੇ ਸੂਬਾ ਡੈਲੀਗੇਟ ਠੇਕੇਦਾਰ ਗੁਰਪਾਲ ਸਿੰਘ, ਬੱਲਮ ਸਿੰਘ ਕਲੀਪੁਰ, ਅਮਰਜੀਤ ਸਿੰਘ ਕੁਲਾਣਾ ਆਦਿ ਹਾਜ਼ਰ ਸਨ |