ਬਰੇਟਾ, 3 ਮਈ (ਪਾਲ ਸਿੰਘ ਮੰਡੇਰ)- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦਾ ਮੀਟਰ ਰੀਡਰਾਂ ਨਾਲ਼ ਰੇੜਕਾ ਅਤੇ ਖਾਤੇ ਅਪਗ੍ਰੇਡ ਦਾ ਬਹਾਨਾ ਲਾ ਕੇ ਬਿਜਲੀ ਮਹਿਕਮੇ ਨੇ ਅਕਤੂਬਰ 2025 ਤੋਂ ਅਪ੍ਰੈਲ 2026 ਤੱਕ ਖਪਤਕਾਰਾਂ ਦੇ ਮੀਟਰਾਂ ਦੀ ਰੀਡਿੰਗ ਨਹੀਂ ਲਈ | ਹੁਣ ਅਪ੍ਰੈਲ 'ਚ ਪੂਰੇ 6 ਮਹੀਨੇ ਦੇ ਹਜ਼ਾਰਾਂ ਰੁਪਏ ਦੇ ਬਿੱਲ ਭੇਜ ਦਿੱਤੇ ਹਨ, ਜੋ ਇਮਾਨਦਾਰ ਖਪਤਕਾਰਾਂ ਦੀ ਜੇਬ ਕੱਟਣ ਵਾਂਗ ਹੈ | ਇਲਾਕਾ ਵਿਕਾਸ ਕਮੇਟੀ ਬਰੇਟਾ ਦੇ ਆਗੂ ਦਸੌਂਧਾ ਸਿੰਘ ਬਹਾਦਰਪੁਰ, ਕਿ੍ਸ਼ਨ ਰੰਘੜਿਆਲ, ਸੰਜੀਵ ਗੋਇਲ, ਬਲੌਰ ਸਿੰਘ ਨੇ ਕਿਹਾ ਕਿ 6 ਮਹੀਨੇ ਦੀ ਇਕੱਠੀ ਰੀਡਿੰਗ ਕਾਰਨ ਸਰਦੀ 'ਚ ਘੱਟ ਖਪਤ ਕਰਨ ਦੇ ਲਾਭ ਤੋਂ ਵੀ ਖਪਤਕਾਰ ਵਾਂਝੇ ਕਰ ਦਿੱਤੇ ਗਏ ਹਨ ਅਤੇ ਬਹੁਤੇ ਖਪਤਕਾਰਾਂ ਨੂੰ 15 ਤੋਂ 20 ਹਜ਼ਾਰ ਤੱਕ ਦੇ ਬਿੱਲ ਭਰਨੇ ਪਏ ਹਨ | ਖਪਤਕਾਰ ਬਿਜਲੀ ਦਫ਼ਤਰਾਂ 'ਚ ਕਲਪਦੇ ਰਹੇ ਪ੍ਰੰਤੂ ਕਿਸੇ ਅਧਿਕਾਰੀ ਨੇ ਸੁਣਵਾਈ ਨਹੀਂ ਕੀਤੀ | ਉਨ੍ਹਾਂ ਦੱਸਿਆ ਕਿ ਰਾਜ ਪੱਧਰੀ ਸ਼ਿਕਾਇਤ ਹੈਲਪ ਲਾਈਨ 1100 ਨੇ ਵੀ ਕੋਈ ਕਰਵਾਈ ਨਹੀਂ ਕੀਤੀ ਅਤੇ ਮੁਫ਼ਤ ਬਿਜਲੀ ਸਕੀਮ ਦਾ ਮਜ਼ਾਕ ਬਣਾ ਦਿੱਤਾ ਗਿਆ | ਆਗੂਆਂ ਨੇ ਮੰਗ ਕੀਤੀ ਕਿ ਖਪਤ ਦੀ 3 ਭਾਗਾਂ ਵਿਚ ਤਰਕਸੰਗਤ ਵੰਡ ਕਰ ਕੇ ਨਾਜਾਇਜ਼ ਵਸੂਲੇ ਬਿੱਲ ਅੱਗੇ ਵਿਵਸਥਿਤ ਕੀਤੇ ਜਾਣ ਅਤੇ ਅਜਿਹੀ ਹਾਲਤ ਪੈਦਾ ਹੋਣ ਤੋਂ ਰੋਕਣ ਲਈ ਯੋਗ ਪ੍ਰਬੰਧ ਕੀਤੇ ਜਾਣ |