ਭੀਖੀ, 5 ਮਈ (ਬਲਕਾਰ ਸਿੰਘ ਸਹੋਤਾ)- ਹਾੜੀ ਸੀਜ਼ਨ ਦੌਰਾਨ ਗੜੇ੍ਹਮਾਰੀ ਤੇ ਖ਼ਰਾਬ ਮੌਸਮ ਕਾਰਨ ਜਿੱਥੇ ਕਣਕ ਦੀ ਗੁਣਵੱਤਾ 'ਤੇ ਵੱਡਾ ਅਸਰ ਪਿਆ ਹੈ ਉੱਥੇ ਇਲਾਕੇ ਦੀ ਮਾਰਕਿਟ ਕਮੇਟੀ ਅਧੀਨ ਆਉਦੇਂ 26 ਖ਼ਰੀਦ ਕੇਂਦਰਾਂ 'ਚ ਪਿਛਲੇ ਸਾਲ ਦੇ ਮੁਕਾਬਲੇ ਕਰੀਬ 6 ਫ਼ੀਸਦੀ ਝਾੜ 'ਚ ਕਮੀ ਆਈ ਹੈ, ਜਿਸ ਕਰ ਕੇ ਮੰਡੀ ਮਜ਼ਦੂਰਾਂ ਦੀ ਉਜਰਤ 'ਚ ਆਈ ਕਮੀ ਕਾਰਨ ਉਹ ਵੀ ਪ੍ਰੇਸ਼ਾਨ ਹਨ | ਜਾਣਕਾਰੀ ਅਨੁਸਾਰ ਪਿਛਲੇ ਸਾਲ ਉਕਤ ਖ਼ਰੀਦ ਕੇਂਦਰਾਂ 'ਚ 1 ਲੱਖ 12 ਹਜ਼ਾਰ 907 ਮੀਟਰਿਕ ਟਨ ਕਣਕ ਦੀ ਆਮਦ ਹੋਈ ਸੀ ਪ੍ਰੰਤੂ ਇਸ ਵਰ੍ਹੇ 1 ਲੱਖ 6 ਹਜ਼ਾਰ 518 ਮੀਟਰਿਕ ਟਨ ਕਣਕ ਦੀ ਆਮਦ ਹੋਈ ਹੈ | ਕਮੇਟੀ ਅਧੀਨ ਆਉਦੇਂ ਤਕਰੀਬਨ ਸਾਰੇ ਹੀ ਖ਼ਰੀਦ ਕੇਂਦਰਾਂ 'ਚ ਲੰਘੇ 2 ਦਿਨਾਂ ਤੋਂ ਕੋਈ ਬਹੁਤੀ ਆਮਦ ਨਹੀਂ ਹੋਈ ਪ੍ਰੰਤੂ ਖ਼ਰੀਦ ਕੇਂਦਰਾਂ 'ਚੋਂ ਲਿਫ਼ਟਿੰਗ ਦੀ ਰਫ਼ਤਾਰ ਸੁਸਤ ਹੋਣ ਕਾਰਨ ਮੰਡੀ ਮਜ਼ਦੂਰ ਅਧਵਾਟੇ ਲਮਕ ਰਹੇ ਹਨ | ਮਾਰਕਿਟ ਕਮੇਟੀ ਦੇ ਸਕੱਤਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਪਨਗਰੇਨ ਨੇ 27 ਹਜ਼ਾਰ 827, ਮਾਰਕਫੈੱਡ ਨੇ 39 ਹਜ਼ਾਰ 850, ਪਨਸਪ ਨੇ 23 ਹਜ਼ਾਰ 880 ਅਤੇ ਵੇਅਰ ਹਾਊਸ ਕਾਰਪੋਰੇਸ਼ਨ ਨੇ 13 ਹਜ਼ਾਰ 015 ਮੀਟਰਿਕ ਟਨ ਦੀ ਖ਼ਰੀਦ ਕੀਤੀ ਹੈ, ਜਦੋਂ ਕਿ 566 ਮੀਟਰਿਕ ਟਨ ਨਿੱਜੀ ਏਜੰਸੀਆਂ ਨੇ ਖ਼ਰੀਦੀ ਹੈ | ਮਾਰਕਿਟ ਕਮੇਟੀ ਦੇ ਚੇਅਰਮੈਨ ਮਾ. ਵਰਿੰਦਰ ਸੋਨੀ ਨੇ ਦੱਸਿਆ ਕਿ ਬੇਸ਼ੱਕ ਸੀਜ਼ਨ ਦੀ ਸ਼ੁਰੂਆਤ 'ਚ ਕਣਕ ਦੀ ਗੁਣਵੱਤਾ ਨੂੰ ਲੈ ਕੇ ਕੇਂਦਰੀ ਏਜੰਸੀਆਂ ਕਾਰਨ ਕੁਝ ਦਿੱਕਤ ਆਈ ਸੀ ਪ੍ਰੰਤੂ ਕਣਕ ਦੀ ਖ਼ਰੀਦ ਨਿਰਵਿਘਨ ਸਿਰੇ ਚੜ੍ਹ ਗਈ ਹੈ | ਇਸ ਮੌਕੇ ਜਗਤਾਰ ਸਿੰਘ ਸੋਹੀ, ਪਿ੍ੰਸ ਕੁਮਾਰ, ਗੁਰਵਿੰਦਰ ਸ਼ਰਮਾ ਆਦਿ ਹਾਜ਼ਰ ਸਨ |
ਭੀਖੀ ਇਲਾਕੇ 'ਚ 6 ਫ਼ੀਸਦੀ ਘਟਿਆ ਕਣਕ ਦਾ ਝਾੜ
ਅਜੀਤ ਡੈਸਕ
06-05-2026