ਮਾਨਸਾ, 5 ਮਈ (ਵਿ. ਪ੍ਰਤੀ)- ਮਲਟੀਪਰਪਜ਼ ਹੈਲਥ ਇੰਪਲਾਈਜ਼ (ਮੇਲ-ਫੀਮੇਲ) ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਦੀ ਅਗਵਾਈ ਹੇਠ ਸਿਵਲ ਸਰਜਨ ਮਾਨਸਾ ਡਾ. ਰਣਜੀਤ ਸਿੰਘ ਰਾਏ ਨੂੰ ਮੰਗ ਪੱਤਰ ਸੌਂਪੇ ਗਏ | ਉਨ੍ਹਾਂ ਕਿਹਾ ਕਿ 1 ਜਨਵਰੀ 2016 ਤੋਂ 30 ਜੂਨ 2021 ਤੱਕ ਦੇ ਏਰੀਅਰ ਦੀ ਪਹਿਲੀ ਕਿਸ਼ਤ ਅਪ੍ਰੈਲ 2026 ਦੀ ਤਨਖ਼ਾਹ ਦੇ ਨਾਲ ਦੇਣ ਦੇ ਨਿਰਦੇਸ਼ ਦਿੱਤੇ ਗਏ ਸਨ ਪਰ ਅਜੇ ਤੱਕ ਇਨ੍ਹਾਂ ਬਿੱਲਾਂ ਨੂੰ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਨਹੀਂ ਹੋਈ, ਜਿਸ ਕਾਰਨ ਮੁਲਾਜ਼ਮਾਂ 'ਚ ਭਾਰੀ ਰੋਸ ਹੈ | ਜਥੇਬੰਦੀ ਨੇ ਮੰਗ ਕੀਤੀ ਕਿ ਨਿਰਧਾਰਿਤ ਕਿਸ਼ਤਾਂ ਅਨੁਸਾਰ ਏਰੀਅਰ ਦੀ ਅਦਾਇਗੀ ਤੁਰੰਤ ਸ਼ੁਰੂ ਕੀਤੀ ਜਾਵੇ | ਦੂਸਰੇ ਮੰਗ ਪੱਤਰ ਰਾਹੀਂ ਯੂਨੀਅਨ ਨੇ ਕੇਂਦਰੀ ਸਕੇਲ ਅਧੀਨ ਕੰਮ ਕਰ ਰਹੇ ਐਮ.ਪੀ.ਡਬਲਯੂ. (ਮੇਲ-ਫੀਮੇਲ) ਕਰਮਚਾਰੀਆਂ ਦੀ ਤਨਖ਼ਾਹ ਫਿਕਸੇਸ਼ਨ ਦਾ ਮੁੱਦਾ ਚੁੱਕਿਆ | ਇਸ ਮੌਕੇ ਬਲਾਕ ਪ੍ਰਧਾਨ ਅਵਤਾਰ ਸਿੰਘ, ਜਸਕਰਨ ਸਿੰਘ, ਬਲਜੀਤ ਸਿੰਘ, ਰਾਜਵੀਰ ਕੌਰ, ਚਰਨਜੀਤ ਕੌਰ ਆਦਿ ਹਾਜ਼ਰ ਸਨ |