ਝੁਨੀਰ, 5 ਮਈ (ਸੰਜੀਵ ਸਿੰਗਲਾ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਹਲਕਾ ਵਿਧਾਇਕ ਸਰਦੂਲਗੜ੍ਹ ਗੁਰਪ੍ਰੀਤ ਸਿੰਘ ਬਣਾਂਵਾਲੀ ਦੇ ਦਫ਼ਤਰ ਸਾਹਮਣੇ ਬਲਵੀਰ ਕੌਰ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ | ਯੂਨੀਅਨ ਆਗੂਆਂ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਆਂਗਣਵਾੜੀ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਗੰਭੀਰ ਨਹੀਂ | ਉਨ੍ਹਾਂ ਮੰਗ ਕੀਤੀ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਮਾਣ ਭੱਤਾ ਦੁੱਗਣਾ ਕਰੇ, ਆਂਗਣਵਾੜੀ ਵਰਕਰਾਂ ਨੂੰ ਸਮਾਰਟ ਫ਼ੋਨ ਦਿੱਤੇ ਜਾਣ, ਮਾਵਾਂ-ਧੀਆਂ ਸਤਿਕਾਰਯੋਗ ਯੋਜਨਾ 'ਚ ਕੰਮ ਲੈਣ ਵਾਸਤੇ ਆਂਗਣਵਾੜੀ ਵਰਕਰ ਨੂੰ 200 ਤੇ ਹੈਲਪਰ ਨੂੰ 100 ਰੁਪਏ ਦਿੱਤੇ ਜਾਣ, ਆਂਗਣਵਾੜੀ ਵਰਕਰਾਂ ਕੋਲੋਂ ਵਾਧੂ ਕੰਮ ਕਰਵਾਉਣੇ ਜਿਵੇਂ ਕਿ ਜਨਗਣਨਾ ਆਰਥਿਕ ਸਰਵੇ ਡਰੱਗ ਸਰਵੇ ਆਦਿ ਬੰਦ ਕੀਤੇ ਜਾਣ, ਆਂਗਣਵਾੜੀ ਕੇਂਦਰਾਂ 'ਚ ਆ ਰਿਹਾ ਰਾਸ਼ਨ ਸਰਕਾਰੀ ਅਦਾਰਿਆਂ ਰਾਹੀਂ ਦਿੱਤਾ ਜਾਵੇ, ਆਂਗਣਵਾੜੀ ਵਰਕਰ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦੇਣ ਦੇ ਨਾਲ ਹੀ ਬੱਚੇ ਵਾਪਸ ਆਂਗਣਵਾੜੀ ਸੈਂਟਰਾਂ 'ਚ ਭੇਜੇ ਜਾਣ, ਐਨ.ਜੀ.ਓ. ਨੂੰ ਦਿੱਤੇ ਬਲਾਕਾਂ ਦੇ ਜਾਰੀ ਨੋਟੀਫ਼ਿਕੇਸ਼ਨ ਨੂੰ ਲਾਗੂ ਕੀਤਾ ਜਾਵੇ | ਧਰਨੇ ਨੂੰ ਸੁਰਿੰਦਰ ਕੌਰ ਬਲਾਕ ਪ੍ਰਧਾਨ, ਮਲਕੀਤ ਕੌਰ ਬੁਰਜ ਮੀਤ ਪ੍ਰਧਾਨ ਆਦਿ ਨੇ ਸੰਬੋਧਨ ਕੀਤਾ |