ਭੀਖੀ, 5 ਮਈ (ਬਲਕਾਰ ਸਿੰਘ ਸਹੋਤਾ)- ਬੀਤੇ ਮਹੀਨੇ ਨਗਰ ਦੇ ਗੁਰਦੁਆਰਾ ਸਾਹਿਬ ਅਤੇ ਰਾਮ ਬਾਗ਼ ਰੋਡ ਦੇ ਹੋ ਰਹੇ ਨਿਰਮਾਣ ਦੀ ਗੁਣਵੱਤਾ ਦੀ ਜਾਂਚ ਲਈ ਨਗਰ ਪੰਚਾਇਤ ਵਿਭਾਗ ਵਲੋਂ ਪਟਿਆਲਾ ਦੀ ਪ੍ਰਾਈਵੇਟ ਲੈਬਾਰਟਰੀ ਵਲੋਂ ਇਕੱਠੇ ਕੀਤੇ ਨਮੂਨਿਆਂ ਦੀ ਜਾਂਚ ਲਈ ਸਮੇਂ ਸਿਰ ਅਦਾਇਗੀ ਨਾ ਕਰਨ ਕਰ ਕੇ ਜਾਂਚ ਦਾ ਕੰਮ ਰੋਕ ਦਿੱਤਾ ਗਿਆ ਹੈ | ਰੈਲੀਐਟ ਇੰਜੀਨੀਅਰ ਐਂਡ ਕੰਸਲਟੈਂਟਸ ਦੇ ਇੰਜ. ਸ਼ਿਵਮ ਸ਼ਰਮਾ ਨੇ ਦੱਸਿਆ ਕਿ ਨਗਰ ਪੰਚਾਇਤ ਭੀਖੀ ਵਲੋਂ ਲਿਖਤੀ ਪੱਤਰ ਰਾਹੀ ਨਗਰ 'ਚ ਨਿਰਮਾਣ ਅਧੀਨ ਸੀ.ਸੀ. ਸੜਕਾਂ ਦੀ ਗੁਣਵੱਤਾ ਦੀ ਜਾਂਚ ਲਈ ਲਿਖਿਆ ਗਿਆ ਸੀ, ਜਿਸ ਤਹਿਤ ਉਨ੍ਹਾਂ ਦੀ ਕੰਪਨੀ ਵਲੋਂ ਲੰਘੀ 1 ਮਈ ਨੂੰ ਕੌਂਸਲਰਾਂ ਸਮੇਤ ਸਹਾਇਕ ਮਿੳਾੂਸੀਪਲ ਇੰਜੀਨੀਅਰ ਗਗਨਦੀਪ ਸਿੰਘ, ਭਾਗ ਅਫ਼ਸਰ ਰਾਕੇਸ਼ ਕੁਮਾਰ ਅਤੇ ਠੇਕੇਦਾਰਾਂ ਦੀ ਹਾਜ਼ਰੀ 'ਚ ਵੱਖ-ਵੱਖ ਥਾਵਾਂ ਤੋਂ ਨਮੂਨੇ ਲਏ ਗਏ ਸਨ | ਉਨ੍ਹਾਂ ਦੱਸਿਆ ਕਿ ਨਮੂਨਿਆਂ ਦੀ ਜਾਂਚ ਤੋਂ ਪਹਿਲਾਂ ਭਾਗ ਅਫ਼ਸਰ ਨੂੰ ਬਣਦੀ 35 ਹਜ਼ਾਰ ਦੇ ਕਰੀਬ ਰਕਮ ਜਮ੍ਹਾਂ ਕਰਵਾਉਣ ਦੀ ਬੇਨਤੀ ਕੀਤੀ ਗਈ ਸੀ ਪਰ ਨਗਰ ਪੰਚਾਇਤ ਵਲੋਂ ਅਦਾਇਗੀ ਨਾ ਹੋਣ ਕਾਰਨ ਜਾਂਚ ਦਾ ਕੰਮ ਰੋਕਿਆ ਗਿਆ ਹੈ | ਉੱਧਰ ਵਿਰੋਧੀ ਕੌਂਸਲਰ ਤੇ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਹਰਪ੍ਰੀਤ ਸਿੰਘ ਚਹਿਲ ਦੀ ਅਗਵਾਈ 'ਚ ਕਈ ਐਮ.ਸੀ. ਲੈਬ 'ਚ ਪਹੁੰਚ ਗਏ ਪਰ ਅਦਾਇਗੀ ਨਾ ਹੋਣ ਕਰ ਕੇ ਲੈਬ ਮਾਲਕ ਨੇ ਨਮੂਨਿਆਂ ਦੀ ਰਿਪੋਰਟ ਨਹੀਂ ਦਿੱਤੀ | ਚਹਿਲ ਤੇ ਹੋਰਾਂ ਨੇ ਮਿਥੇ ਸਮੇਂ 'ਤੇ ਜਾਂਚ ਨਾ ਹੋਣ ਕਾਰਨ ਖ਼ਦਸ਼ਾ ਜਤਾਉਂਦਿਆਂ ਕਿਹਾ ਕਿ ਨਗਰ ਪੰਚਾਇਤ ਪ੍ਰਸ਼ਾਸਨ ਨਹੀਂ ਚਾਹੁੰਦਾ ਕਿ ਪਾਰਦਰਸ਼ੀ ਜਾਂਚ ਹੋਵੇ, ਜਿਸ ਕਾਰਨ ਟਾਲਮਟੋਲ ਕਰ ਕੇ ਦੇਰੀ ਕੀਤੀ ਜਾ ਰਹੀ ਹੈ | ਭਾਗ ਅਫ਼ਸਰ ਰਾਕੇਸ਼ ਕੁਮਾਰ ਨੇ ਕਿਹਾ ਕਿ ਨਿਰਮਾਣ ਅਧੀਨ ਸੜਕਾਂ ਦੀ ਕਾਰਜਕਾਰੀ ਏਜੰਸੀ ਨੂੰ ਅਦਾਇਗੀ ਕਰਨ ਤੋਂ ਪਹਿਲਾਂ ਕੀਤੇ ਗਏ ਕੰਮ ਦੇ ਸੈਂਪਲ ਲਏ ਜਾਂਦੇ ਹਨ, ਜੋ ਵਿਭਾਗੀ ਪ੍ਰਕਿਰਿਆ ਹੈ | ਉਨ੍ਹਾਂ ਕਿਹਾ ਕਿ ਲੈਬ ਨੂੰ ਜਲਦੀ ਅਦਾਇਗੀ ਕਰ ਕੇ ਨਮੂਨਿਆਂ ਦੀ ਜਾਂਚ ਰਿਪੋਰਟ ਲੈ ਲਈ ਜਾਵੇਗੀ |