ਝੁਨੀਰ, 5 ਮਈ (ਸੰਜੀਵ ਸਿੰਗਲਾ)- ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਜਿੰਦਰ ਕੌਰ ਦੇ ਹੁਕਮਾਂ ਅਨੁਸਾਰ ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਬਾਬਾ ਫ਼ਰੀਦ ਸਕੂਲ ਪਿੰਡ ਸਾਹਨੇਵਾਲੀ ਵਿਖੇ ਸਕੂਲ ਬੱਸਾਂ ਦੀ ਚੈਕਿੰਗ ਕੀਤੀ ਗਈ | ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਦੇ ਕੌਂਸਲਰ ਰਜਿੰਦਰ ਕੁਮਾਰ ਵਰਮਾ ਤੇ ਪੁਲਿਸ ਵਿਭਾਗ ਦੇ ਬੰਤ ਸਿੰਘ ਨੇ ਦੱਸਿਆ ਕਿ ਚੈਕਿੰਗ ਦੌਰਾਨ ਅਧੂਰੇ ਦਸਤਾਵੇਜ਼ ਵਾਲੀਆਂ 6 ਸਕੂਲ ਬੱਸਾਂ ਦੇ ਚਲਾਨ ਕੱਟ ਕੇ ਦਸਤਾਵੇਜ਼ ਪੂਰੇ ਕਰਨ ਦੀ ਹਦਾਇਤ ਕੀਤੀ ਗਈ | ਉਨ੍ਹਾਂ ਕਿਹਾ ਕਿ ਸਕੂਲ ਵਾਹਨਾਂ 'ਚ ਫ਼ਸਟ ਏਡ ਬਾਕਸ, ਅੱਗ ਬੁਝਾਊ ਯੰਤਰ, ਬੱਸਾਂ ਦਾ ਰੰਗ ਪੀਲਾ ਅਤੇ ਉੱਪਰ ਪੱਟੀ 'ਚ ਸਕੂਲ ਦਾ ਨਾਂਅ ਲਿਖਿਆ ਹੋਣਾ ਚਾਹੀਦਾ ਹੈ | ਇਸ ਤੋਂ ਇਲਾਵਾ ਸਰਕਾਰੀ ਨੰਬਰ ਪਲੇਟ, ਫਿਟਨੈੱਸ ਸਰਟੀਫਿਕੇਟ, ਲੇਡੀਜ਼ ਅਟੈਂਡੈਂਟ ਆਦਿ ਦੀਆਂ ਸਹੂਲਤਾਂ ਹੋਣੀਆਂ ਵੀ ਲਾਜ਼ਮੀ ਹਨ | ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਸਕੂਲ ਵਾਹਨਾਂ 'ਚ ਉਕਤ ਸਹੂਲਤਾਂ ਦੀ ਨਜ਼ਰਸਾਨੀ ਕਰਨ ਅਤੇ ਕਿਸੇ ਪ੍ਰਕਾਰ ਦੀ ਕਮੀ ਹੋਣ 'ਤੇ ਸਬੰਧਿਤ ਸਕੂਲ ਦੇ ਧਿਆਨ 'ਚ ਲਿਆਉਣ |