ਮਾਨਸਾ, 6 ਮਈ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੁੱਖ ਗੇਟ ਨੇੜਿਉਂ ਮਾਨਸਾ ਖ਼ੁਰਦ ਨੂੰ ਜਾਂਦੀ ਵੀ.ਵੀ.ਆਈ.ਪੀ. ਸੜਕ ਦੀ ਅੱਜ ਅਧਿਕਾਰਤ ਨਿਸ਼ਾਨਦੇਹੀ ਕੀਤੀ ਗਈ | ਜ਼ਿਕਰਯੋਗ ਹੈ ਕਿ 21 ਮੈਂਬਰੀ ਸੰਘਰਸ਼ ਕਮੇਟੀ ਵਲੋਂ ਐਡਵੋਕੇਟ ਗੁਰਲਾਭ ਸਿੰਘ ਮਾਹਲ ਦੀ ਅਗਵਾਈ 'ਚ ਡਿਪਟੀ ਕਮਿਸ਼ਨਰ ਨਵਜੋਤ ਕੌਰ ਨੂੰ ਦਰਖਾਸਤ ਦਿੱਤੀ ਗਈ ਸੀ | ਕਮੇਟੀ ਆਗੂਆਂ ਦਾ ਦੱਸਣਾ ਸੀ ਕਿ ਮਾਲ ਰਿਕਾਰਡ ਅਨੁਸਾਰ ਇਹ ਰਸਤਾ 9 ਕਰਮਾਂ (50 ਫੁੱਟ) ਹੈ ਪਰ ਮੌਕੇ 'ਤੇ ਸਿਰਫ਼ 27 ਫੁੱਟ ਚੌੜਾ ਹੈ | ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ 'ਤੇ ਐਸ.ਡੀ.ਐਮ. ਮਾਨਸਾ ਵਲੋਂ ਸਬੰਧਿਤ ਵਿਭਾਗਾਂ ਦੀ ਤਾਲਮੇਲ ਕਮੇਟੀ ਬਣਾਈ ਗਈ ਸੀ | ਇਸੇ ਤਹਿਤ ਅੱਜ ਨਗਰ ਕੌਂਸਲ, ਨਹਿਰੀ ਤੇ ਮਾਲ ਵਿਭਾਗ ਦੇ ਅਧਿਕਾਰੀਆਂ ਨੇ ਪਹੁੰਚ ਕੇ ਸਾਂਝੀ ਨਿਸ਼ਾਨਦੇਹੀ ਕੀਤੀ ਗਈ | ਨਿਸ਼ਾਨਦੇਹੀ ਦੌਰਾਨ 9 ਕਰਮਾਂ ਦੀ ਸਰਕਾਰੀ ਜਗ੍ਹਾ ਦੀ ਸ਼ਨਾਖ਼ਤ ਕਰ ਕੇ ਲਾਲ ਰੰਗ ਦੇ ਨਿਸ਼ਾਨ ਅਤੇ ਝੰਡੇ ਲਗਾਏ ਗਏ | ਜਿਹੜੇ ਪਲਾਟਾਂ/ਮਕਾਨਾਂ ਦੀ ਉਸਾਰੀ ਸਰਕਾਰੀ ਜਗ੍ਹਾ ਵਿਚ ਆਉਂਦੀ ਹੈ, ਨੂੰ ਸਪਸ਼ਟ ਰੂਪ ਵਿਚ ਮਾਰਕ ਕੀਤਾ ਗਿਆ | ਕਮੇਟੀ ਆਗੂਆਂ ਨੇ ਦੱਸਿਆ ਕਿ ਹੁਣ ਇਸ ਦੀ ਮੁਕੰਮਲ ਰਿਪੋਰਟ ਨਗਰ ਕੌਂਸਲ ਨੂੰ ਸੌਂਪੀ ਜਾਵੇਗੀ | ਉਨ੍ਹਾਂ ਮੰਗ ਕੀਤੀ ਕਿ ਨਗਰ ਕੌਂਸਲ ਕਾਨੂੰਨੀ ਕਾਰਵਾਈ ਅਮਲ 'ਚ ਲਿਆਉਂਦੇ ਹੋਏ ਨਜਾਇਜ਼ ਕਬਜ਼ਾ ਧਾਰਕਾਂ ਨੂੰ ਨੋਟਿਸ ਜਾਰੀ ਕਰੇ ਤਾਂ ਜੋ ਇਸ ਮਹੱਤਵਪੂਰਨ ਰਸਤੇ ਨੂੰ ਪੂਰੀ ਚੌੜਾਈ 'ਚ ਬਹਾਲ ਕੀਤਾ ਜਾ ਸਕੇ | ਇਸ ਮੌਕੇ ਹਰਿੰਦਰ ਸਿੰਘ ਮਾਨਸ਼ਾਹੀਆ, ਧੰਨਾ ਮੱਲ ਗੋਇਲ, ਕਿ੍ਸ਼ਨ ਚੌਹਾਨ, ਐਡਵੋਕੇਟ ਕੇਸਰ ਸਿੰਘ ਧਲੇਵਾਂ, ਬਲਵਿੰਦਰ ਸਿੰਘ ਕਾਕਾ, ਸਰਬਜੀਤ ਕੌਸ਼ਿਲ, ਦਰਸ਼ਨ ਸਿੰਘ ਮਾਨਸ਼ਾਹੀਆ, ਨਰਿੰਦਰ ਕੁਮਾਰ ਸ਼ਰਮਾ, ਪਰਮਿੰਦਰ ਸਿੰਘ ਮਾਨ, ਰਾਜਵੀਰ ਸਿੰਘ ਮਾਨਸ਼ਾਹੀਆ ਆਦਿ ਹਾਜ਼ਰ ਸਨ |