4 ਸਰਕਾਰੀ ਤੇ 1 ਪ੍ਰਾਈਵੇਟ ਸਕੂਲ ਦੀ ਵਿਦਿਆਰਥਣ ਸ਼ਾਮਿਲ <br/> 10ਵੀਂ 'ਚੋਂ ਮਾਨਸਾ ਦੇ 5 ਵਿਦਿਆਰਥੀਆਂ ਨੇ ਮੈਰਿਟ ਸੂਚੀ 'ਚ ਨਾਂਅ ਦਰਜ ਕਰਵਾਇਆ
ਅਜੀਤ ਡੈਸਕ
13-05-2026
ਗੁਰਨੇ ਕਲਾਂ ਸਕੂਲ ਦੀ ਰੀਤੂ ਸ਼ਰਮਾ ਨੇ ਜ਼ਿਲੇ੍ਹ 'ਚੋਂ ਪਹਿਲਾ ਸਥਾਨ ਮੱਲਿਆ
ਬੁਢਲਾਡਾ ਤੋਂ ਸਵਰਨ ਸਿੰਘ ਰਾਹੀ ਅਨੁਸਾਰ- ਦਸਵੀਂ ਜਮਾਤ ਦੇ ਨਤੀਜਿਆਂ 'ਚ 633/650 ਲੈ ਕੇ ਬੋਰਡ ਦੀ ਮੈਰਿਟ ਸੂਚੀ 'ਚ 12ਵਾਂ ਸਥਾਨ ਬਣਾਉਣ ਵਾਲੀ ਸਰਕਾਰੀ ਹਾਈ ਸਕੂਲ ਗੁਰਨੇ ਕਲਾਂ ਦੀ ਵਿਦਿਆਰਥਣ ਰੀਤੂ ਸ਼ਰਮਾ ਪੁੱਤਰੀ ਸੱਤਪਾਲ ਸ਼ਰਮਾ ਨੇ ਜ਼ਿਲ੍ਹਾ ਮਾਨਸਾ 'ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ | ਸਿਰਫ਼ ਸਕੂਲੀ ਪੜ੍ਹਾਈ ਨਾਲ ਬਿਨਾਂ ਕਿਸੇ ਵਿਸ਼ੇਸ਼ ਟਿਊਸ਼ਨ ਤੋਂ ਇਹ ਪ੍ਰਾਪਤੀ ਕਰਨ ਵਾਲੀ ਵਿਦਿਆਰਥਣ ਰੀਤੂ ਦਾ ਮੁੱਖ ਮਨੋਰਥ ਯੂ.ਪੀ.ਐਸ.ਸੀ. ਪ੍ਰੀਖਿਆ ਪਾਸ ਕਰਨਾ ਜਾਂ ਐਨ.ਡੀ.ਏ. ਦਾ ਪੇਪਰ ਪਾਸ ਕਰ ਕੇ ਦੇਸ਼ ਦੀ ਸੇਵਾ ਕਰਨਾ ਹੈ | ਸਕੂਲ ਮੁਖੀ ਮਨਦੀਪ ਕੁਮਾਰ ਅਤੇ ਸਟਾਫ਼ ਨੇ ਵਿਦਿਆਰਥਣ ਦੇ ਘਰ ਜਾ ਕੇ ਪਰਿਵਾਰ ਨਾਲ ਖ਼ੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਸਕੂਲ ਦੀ ਇਹ ਪ੍ਰਾਪਤੀ ਸਕੂਲ ਸਟਾਫ਼, ਵਿਦਿਆਰਥੀ ਤੇ ਮਾਪਿਆਂ ਦੀ ਸਾਂਝੀ ਮਿਹਨਤ ਕਰ ਕੇ ਸੰਭਵ ਹੋਈ ਹੈ | ਅਧਿਆਪਕ ਪਿਆਰਾ ਸਿੰਘ ਨੇ ਦੱਸਿਆ ਕਿ ਇਸ ਪ੍ਰਾਪਤੀ ਸਦਕਾ ਸਕੂਲ ਸਟਾਫ਼ ਹੁਣ ਆਸਵੰਦ ਹੈ ਕਿ ਆਉਣ ਵਾਲੇ ਸਮੇਂ 'ਚ ਹੋਰ ਵਿਦਿਆਰਥੀ ਵੀ ਵਿਲੱਖਣ ਪ੍ਰਾਪਤੀਆਂ ਕਰਨਗੇ |
ਬੁਢਲਾਡਾ ਦੀ ਪ੍ਰਾਚੀ ਜੈਨ ਨੇ ਮੈਰਿਟ ਸੂਚੀ 'ਚ 14ਵਾਂ ਸਥਾਨ ਹਾਸਲ ਕੀਤਾ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਬੁਢਲਾਡਾ ਦੀ ਵਿਦਿਆਰਥਣ ਪ੍ਰਾਚੀ ਪੁੱਤਰੀ ਗੌਰਵ ਜੈਨ ਵਾਸੀ ਬੁਢਲਾਡਾ ਨੇ 625/650 ਅੰਕ ਪ੍ਰਾਪਤ ਕਰ ਕੇ ਬੋਰਡ ਦੀ ਮੈਰਿਟ ਸੂਚੀ 'ਚ 14ਵਾਂ ਸਥਾਨ ਹਾਸਲ ਕੀਤਾ ਹੈ | ਪਿ੍ੰਸੀਪਲ ਗੁਰਮੀਤ ਸਿੰਘ ਸਿੱਧੂ ਅਤੇ ਸਟਾਫ਼ ਨੇ ਹੋਣਹਾਰ ਵਿਦਿਆਰਥਣ ਦਾ ਘਰ ਜਾ ਕੇ ਸਨਮਾਨ ਕੀਤਾ | ਉਨ੍ਹਾਂ ਦੱਸਿਆ ਕਿ ਵਿਦਿਆਰਥਣ ਨੇ ਅੱਠਵੀਂ ਕਲਾਸ ਵਿਚੋਂ ਵੀ ਜ਼ਿਲ੍ਹੇ 'ਚੋਂ ਪਹਿਲੇ ਅਤੇ ਮੈਰਿਟ ਸੂਚੀ ਵਿਚ ਨੌਵੇਂ ਸਥਾਨ 'ਤੇ ਆਈ ਸੀ |
ਦਸਮੇਸ਼ ਸਕੂਲ ਦਾ 10ਵੀਂ ਦਾ ਨਤੀਜਾ ਸ਼ਾਨਦਾਰ ਰਿਹਾ
ਮਾਨਸਾ, (ਸੱਭਿ.ਪ੍ਰਤੀ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 10ਵੀਂ ਜਮਾਤ ਦੇ ਨਤੀਜਿਆਂ 'ਚ ਸਥਾਨਕ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਪਿ੍ੰਸੀਪਲ ਪਰਮਪ੍ਰੀਤ ਸਿੰਘ ਨੇ ਦੱਸਿਆ ਕਿ ਵਿਦਿਆਰਥਣ ਤਮੰਨਾ ਨੇ 92, ਹੈਰੀ ਸਦਿਓੜਾ ਨੇ 88, ਹਰਸਵੀਰ ਸਿੰਘ ਨੇ 83 ਅਤੇ ਸਨੇਹਾ ਨੇ 79 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕੇ ਕ੍ਰਮਵਾਰ ਪਹਿਲਾ, ਦੂਜਾ, ਤੀਜਾ ਤੇ ਚੌਥਾ ਸਥਾਨ ਹਾਸਲ ਕੀਤਾ ਹੈ, ਜਦਕਿ ਹੋਰ ਵਿਦਿਆਰਥੀਆਂ ਨੇ ਵੀ ਪਹਿਲੇ ਦਰਜੇ 'ਚ ਪਾਸ ਹੋ ਕੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਮੌਕੇ ਡਾਇਰੈਕਟਰ ਜੁਗਰਾਜ ਸਿੰਘ, ਕਲਾਸ ਇੰਚਾਰਜ ਊਸ਼ਾ ਰਾਣੀ, ਅਧਿਆਪਕ ਸੁਖਦੀਪ ਨੇ ਚੰਗੇ ਅੰਕ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ |
ਸ੍ਰੀ ਤਾਰਾ ਚੰਦ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ
ਭੀਖੀ, (ਬਲਕਾਰ ਸਿੰਘ ਸਹੋਤਾ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 10ਵੀਂ ਜਮਾਤ ਦੇ ਨਤੀਜਿਆਂ 'ਚ ਸਥਾਨਕ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਚੰਗੇ ਅੰਕ ਹਾਸਲ ਕਰ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਕੁੱਲ 49 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਅਤੇ ਸਾਰੇ ਹੀ ਪਹਿਲੇ ਦਰਜੇ ਨਾਲ ਪਾਸ ਹੋਏ | ਪਿ੍ੰਸੀਪਲ ਰੁਪਿੰਦਰ ਪਟਿਆਲ ਨੇ ਦੱਸਿਆ ਕਿ ਮਨਪ੍ਰੀਤ ਕੌਰ ਨੇ 617 ਅੰਕ, ਨਵਿਆ ਗਰਗ ਨੇ 587 ਅੰਕ ਅਤੇ ਦਿਵਆਂਸ਼ੂ ਮਹਿਤਾ ਨੇ 580 ਅੰਕ ਪ੍ਰਾਪਤ ਕਰ ਕੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ | ਕਮੇਟੀ ਦੇ ਪ੍ਰਧਾਨ ਬਿ੍ਜ ਲਾਲ ਤੇ ਪ੍ਰਬੰਧਕ ਸਤੀਸ਼ ਕੁਮਾਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ |