ਮਾਨਸਾ, 13 ਮਈ (ਰਾਵਿੰਦਰ ਸਿੰਘ ਰਵੀ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 12ਵੀਂ ਜਮਾਤ ਦੇ ਨਤੀਜੇ 'ਚੋਂ ਜ਼ਿਲੇ੍ਹ ਦੇ ਪਿੰਡ ਉੱਭਾ ਦੀ ਸੁਪਨੀਤ ਕੌਰ ਨੇ ਪੰਜਾਬ ਭਰ 'ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ | ਗੁਰੂਕੁਲ ਅਕੈਡਮੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਉੱਭਾ ਦੀ ਇਸ ਵਿਦਿਆਰਥਣ ਨੇ ਸਾਇੰਸ ਗਰੁੱਪ 'ਚੋਂ 500 'ਚੋਂ 500 ਅੰਕ ਲੈ ਕੇ ਇਹ ਨਾਮਣਾ ਖੱਟਿਆ ਹੈ | ਇਸੇ ਸਕੂਲ ਦੇ ਵਿਦਿਆਰਥੀ ਤਨੀਸ਼ ਜਿੰਦਲ ਨੇ 500 'ਚੋਂ 496 ਅੰਕ ਪ੍ਰਾਪਤ ਕਰ ਕੇ ਪੰਜਾਬ ਭਰ 'ਚੋਂ 8ਵਾਂ ਸਥਾਨ ਹਾਸਲ ਕੀਤਾ ਹੈ | ਮਾਨਸਾ ਦੇ 13 ਵਿਦਿਆਰਥੀਆਂ ਨੇ ਮੈਰਿਟ ਸੂਚੀ 'ਚ ਨਾਂਅ ਦਰਜ ਕਰਵਾਇਆ ਹੈ, ਜਿਨ੍ਹਾਂ 'ਚ 9 ਸਰਕਾਰੀ ਤੇ 4 ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਸ਼ਾਮਲ ਹਨ | ਸੁਖਚੈਨ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੁੱਲਰੀਆਂ, ਭੁਪਿੰਦਰ ਕੌਰ ਤੇ ਰਮਨਦੀਪ ਕੌਰ ਗੌਰਮਿੰਟ ਮਾਡਲ ਸੀਨੀਅਰ ਸੈਕੰਡਰੀ ਸਕੂਲ ਦਾਤੇਵਾਸ, ਸੋਨੂੰ ਬਾਈ ਤੇ ਅਰਨਪ੍ਰੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੰਡੂਕੇ, ਸ਼ਬੀਨਾ ਪ੍ਰਵੀਨ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਨਸਾ, ਖੁਸ਼ਪ੍ਰੀਤ ਕੌਰ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਖ਼ਿਆਲਾ ਕਲਾਂ, ਲਖਵਿੰਦਰ ਕੌਰ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਫਫੜੇ ਭਾਈਕੇ, ਲਖਵਿੰਦਰ ਕੌਰ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਬੁਢਲਾਡਾ, ਹਰਨੂਰ ਕੌਰ ਮਾਈ ਭਾਗੋ ਪਬਲਿਕ ਸਕੂਲ ਰੱਲਾ, ਅਕਸ਼ਿਤ ਸਿੰਗਲਾ ਕਿ੍ਸ਼ਨਾ ਕਾਲਜ ਆਫ਼ ਹਾਇਰ ਐਜੂਕੇਸ਼ਨ ਰੱਲੀ ਦੇ ਨਾਂਅ ਮੈਰਿਟ ਸੂਚੀ 'ਚ ਸ਼ਾਮਲ ਹਨ | ਨਵਜੋਤ ਕੌਰ ਡਿਪਟੀ ਕਮਿਸ਼ਨਰ ਮਾਨਸਾ, ਨੀਲਮ ਰਾਣੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ), ਪਰਮਜੀਤ ਸਿੰਘ ਭੋਗਲ ਉਪ ਸਿੱਖਿਆ ਅਫ਼ਸਰ (ਸੈ), ਪਿ੍ੰਸੀਪਲ ਨਰਿੰਦਰ ਸਿੰਘ ਨੇ ਵਧੀਆ ਅੰਕ ਲੈਣ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਚੰਗੇ ਭਵਿੱਖ ਦੀ ਕਾਮਨਾ ਕੀਤੀ |
ਝੁਨੀਰ ਦੀਆਂ 2 ਵਿਦਿਆਰਥਣਾਂ ਨੇ ਮੈਰਿਟ 'ਚ ਬਣਾਇਆ ਸਥਾਨ
ਝੁਨੀਰ ਤੋਂ ਸੰਜੀਵ ਸਿੰਗਲਾ ਅਨੁਸਾਰ- ਸਰਕਾਰੀ ਸੈਕੰਡਰੀ ਸਕੂਲ ਝੰਡੂਕੇ ਦਾ 12ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | 2 ਹੋਣਹਾਰ ਵਿਦਿਆਰਥਣਾਂ ਸੋਨੂ ਬਾਈ ਪੁੱਤਰੀ ਮਨੂੰ ਰਾਮ ਨੇ 97.40 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਮਾਨਸਾ ਜ਼ਿਲ੍ਹੇ 'ਚ 7ਵਾਂ ਸਥਾਨ ਜਦਕਿ ਅਰਨਪ੍ਰੀਤ ਕੌਰ ਪੁੱਤਰੀ ਰਣਜੀਤ ਸਿੰਘ ਨੇ 96.80 ਫ਼ੀਸਦੀ ਅੰਕ ਹਾਸਲ ਕਰ ਕੇ ਜ਼ਿਲ੍ਹੇ 'ਚ 12ਵਾਂ ਸਥਾਨ ਪ੍ਰਾਪਤ ਕੀਤਾ ਹੈ | ਪਿ੍ੰਸੀਪਲ ਬਲਵਿੰਦਰ ਸਿੰਘ ਲੱਧੂਵਾਸ ਨੇ ਦੋਵਾਂ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੱਤੀ |
ਲਖਵਿੰਦਰ ਕੌਰ ਡਾਕਟਰ ਬਣ ਕੇ ਕਰਨਾ ਚਾਹੁੰਦੀ ਹੈ ਸਮਾਜ ਦੀ ਸੇਵਾ
ਬੁਢਲਾਡਾ ਤੋਂ ਸਵਰਨ ਸਿੰਘ ਰਾਹੀ ਅਨੁਸਾਰ- 12ਵੀਂ ਜਮਾਤ ਦੇ ਨਤੀਜਿਆਂ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਬੁਢਲਾਡਾ ਦੀ ਵਿਦਿਆਰਥਣ ਲਖਵਿੰਦਰ ਕੌਰ ਪੁੱਤਰੀ ਜਗਸੀਰ ਸਿੰਘ ਵਾਸੀ ਚੋਟੀਆਂ ਹਾਲ ਆਬਾਦ ਗੁਰਨੇ ਕਲਾਂ ਨੇ ਸਾਇੰਸ ਗਰੁੱਪ 'ਚੋਂ 485/500 ਅੰਕ ਪ੍ਰਾਪਤ ਕਰ ਕੇ ਬੋਰਡ ਦੀ ਮੈਰਿਟ ਸੂਚੀ 'ਚ 16ਵਾਂ ਸਥਾਨ ਹਾਸਲ ਕੀਤਾ ਹੈ | ਪਿ੍ੰਸੀਪਲ ਗੁਰਮੀਤ ਸਿੰਘ ਸਿੱਧੂ ਨੇ ਖ਼ੁਸ਼ੀ ਪ੍ਰਗਟਾਉਂਦਿਆਂ ਮਾਪਿਆਂ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ | ਵਿਦਿਆਰਥਣ ਲਖਵਿੰਦਰ ਕੌਰ ਨੇ ਸਕੂਲ ਸਟਾਫ਼, ਪਿ੍ੰਸੀਪਲ ਅਤੇ ਆਪਣੇ ਭੂਆ ਰਾਜ ਕੌਰ ਤੇ ਫੁੱਫੜ ਗੁਰਪ੍ਰੀਤ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਮੈਡੀਕਲ ਦੀ ਪੜ੍ਹਾਈ ਕਰ ਕੇ ਡਾਕਟਰ ਬਣਨਾ ਚਾਹੁੰਦੀ ਹੈ |
ਪੰਜਾਬ ਬੋਰਡ ਵਲੋਂ ਐਲਾਨੇ 12ਵੀਂ ਜਮਾਤ ਦੇ ਨਤੀਜੇ 'ਚ ਮਾਨਸਾ ਰਿਹਾ ਮੋਹਰੀ, ਸੁਪਨੀਤ ਕੌਰ ਪੰਜਾਬ ਭਰ 'ਚੋਂ ਰਹੀ ਪਹਿਲੇ ਸਥਾਨ 'ਤੇ
ਅਜੀਤ ਡੈਸਕ
14-05-2026