ਬੁਢਲਾਡਾ, 20 ਮਈ (ਸਵਰਨ ਸਿੰਘ ਰਾਹੀ)- ਪੰਜਾਬ ਨੰਬਰਦਾਰ ਯੂਨੀਅਨ ਜ਼ਿਲ੍ਹਾ ਮਾਨਸਾ ਦੀ ਇਕੱਤਰਤਾ ਜ਼ਿਲ੍ਹਾ ਪ੍ਰਧਾਨ ਅੰਮਿ੍ਤਪਾਲ ਸਿੰਘ ਦੀ ਅਗਵਾਈ ਹੇਠ ਪਿੰਡ ਗੁਰਨੇ ਕਲਾਂ ਵਿਖੇ ਹੋਈ | ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਨੇ ਕਿਹਾ ਕਿ ਜਥੇਬੰਦੀ 2015 ਤੋਂ ਨੰਬਰਦਾਰਾਂ ਦੀਆਂ ਹੱਕੀ ਮੰਗਾਂ ਲਈ ਲੜਾਈ ਲੜਦੀ ਆ ਰਹੀ ਹੈ ਅਤੇ ਮੌਜੂਦਾ ਸਰਕਾਰ ਦੇ ਬਣਨ ਤੋਂ ਲੈ ਕੇ ਹੁਣ ਤੱਕ ਲਗਾਤਾਰ ਮੁੱਖ ਮੰਤਰੀ, ਸਬੰਧਿਤ ਮੰਤਰੀਆਂ ਤੇ ਉੱਚ ਅਧਿਕਾਰੀਆਂ ਨਾਲ ਹੋਈਆਂ ਮੀਟਿੰਗਾਂ ਤੋਂ ਬਾਅਦ ਹੁਣ ਆਸ ਬੱਝੀ ਹੈ ਕਿ ਸਰਕਾਰ ਇਹ ਚਿਰਾਂ ਤੋਂ ਲਟਕਦੀਆਂ ਮੰਗਾਂ ਦੇ ਹੱਲ ਲਈ ਯੋਗ ਉਪਰਾਲੇ ਕਰੇਗੀ | ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਸਾਡੀਆਂ ਮੰਗਾਂ ਨੂੰ ਸਰਕਾਰ ਅਣਗੌਲਿਆ ਕਰਦੀ ਹੈ ਤਾਂ ਆਉਣ ਵਾਲੀਆਂ 2027 ਦੀਆਂ ਚੋਣਾਂ 'ਚ ਆਮ ਆਦਮੀ ਪਾਰਟੀ ਨੂੰ ਨੰਬਰਦਾਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਰੋਹ ਦਾ ਸਾਹਮਣਾ ਕਰਨਾ ਪਵੇਗਾ | ਉਨ੍ਹਾਂ ਦੱਸਿਆ ਕਿ ਜਥੇਬੰਦੀ ਦੀ ਇਕ ਪੰਜਾਬ ਪੱਧਰੀ ਵਿਸ਼ਾਲ ਰੈਲੀ ਕਰਨ ਲਈ ਹਰ ਜ਼ਿਲ੍ਹੇ 'ਚ ਮੀਟਿੰਗਾਂ ਕਰ ਕੇ ਲਾਮਬੰਦੀ ਕੀਤੀ ਜਾ ਰਹੀ ਹੈ | ਸੂਬਾ ਸਕੱਤਰ ਜਨਰਲ ਰਸ਼ਪਾਲ ਸਿੰਘ ਕੁਲਾਰ, ਹਰਕੰਵਲ ਸਿੰਘ ਮੁੰਧ ਸੀਨੀਅਰ ਮੀਤ ਪ੍ਰਧਾਨ, ਚਰਨਜੀਤ ਸਿੰਘ ਮੁੱਖ ਬੁਲਾਰਾ ਪੰਜਾਬ, ਸੁਰਜੀਤ ਸਿੰਘ ਨਕੋਦਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ 2022 ਵਿਧਾਨ ਸਭਾ ਚੋਣਾਂ ਸਮੇਂ ਯੂਨੀਅਨ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ਉਪਰੰਤ ਨੰਬਰਦਾਰਾਂ ਦਾ ਮਾਣ ਭੱਤੇ 'ਚ ਵਾਧਾ ਅਤੇ ਨੰਬਰਦਾਰੀ ਜੱਦੀ ਪੁਸ਼ਤੀ ਕੀਤੀ ਜਾਵੇਗੀ ਪਰ ਅਫ਼ਸੋਸ ਕਿ 'ਆਪ' ਸਰਕਾਰ ਨੇ ਨੰਬਰਦਾਰਾਂ ਨੂੰ ਲਾਰਿਆਂ ਤੋਂ ਇਲਾਵਾ ਅਜੇ ਤੱਕ ਕੁਝ ਨਹੀਂ ਮਿਲਿਆ, ਜਿਸ ਦਾ ਨੰਬਰਦਾਰ ਭਾਈਚਾਰੇ 'ਚ ਰੋਸ ਹੈ | ਇਸ ਮੌਕੇ ਹਰਬੰਸ ਸਿੰਘ ਭੋਪਾਲ, ਸੁਖਪਾਲ ਸਿੰਘ ਖੀਵਾ, ਬਿੱਕਰ ਸਿੰਘ ਹਸਨਪੁਰ, ਸੁਰਜੀਤ ਸਿੰਘ ਭੀਖੀ, ਮਲਕੀਤ ਸਿੰਘ ਫਫੜੇ ਭਾਈਕੇ, ਬਲਦੇਵ ਸਿੰਘ ਭੁਪਾਲ, ਗੁਰਵਰਨ ਸਿੰਘ ਕੁਲਾਣਾ, ਅੰਮਿ੍ਤਪਾਲ ਸਿੰਘ ਕਿਸ਼ਨਗੜ੍ਹ, ਗੁਰਜੀਵਨ ਸਿੰਘ ਮਾਖਾ ਸਮੇਤ ਵੱਖ-ਵੱਖ ਤਹਿਸੀਲਾਂ ਤੋਂ ਵੱਡੀ ਗਿਣਤੀ ਆਗੂ ਤੇ ਵਰਕਰ ਮੌਜੂਦ ਆਦਿ ਹਾਜ਼ਰ ਸਨ |