ਬਰੇਟਾ, 22 ਮਈ (ਪਾਲ ਸਿੰਘ ਮੰਡੇਰ)- ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਨਗਰ ਕੌਂਸਲ ਦੀਆਂ ਚੋਣਾਂ ਲੜ ਰਹੇ ਉਮੀਦਵਾਰਾਂ ਵਲੋਂ ਰਾਜਨੀਤਕ ਪਾਰਟੀਆਂ ਦੇ ਉਮੀਦਵਾਰ ਬਣਨ ਤੋਂ ਗੁਰੇਜ਼ ਕੀਤਾ ਜਾ ਰਹਿਤ ਹੈ | ਬਰੇਟਾ ਨਗਰ ਕੌਂਸਲ 'ਚ ਚੋਣ ਲੜ ਰਹੇ ਉਮੀਦਵਾਰਾਂ ਦੀ ਨੀਤੀ 'ਤੇ ਨਜ਼ਰ ਮਾਰੀ ਜਾਵੇ ਤਾਂ ਰਾਜਕਰਤਾ ਧਿਰ ਨੂੰ ਸਾਰੇ ਵਾਰਡਾਂ ਤੋਂ ਆਪਣੇ ਉਮੀਦਵਾਰ ਨਹੀਂ ਲੱਭੇ | ਇਨ੍ਹਾਂ ਚੋਣਾਂ 'ਚ 13 ਵਾਰਡਾਂ 'ਚੋਂ ਸਿਰਫ਼ 6 ਉਮੀਦਵਾਰ ਹੀ ਆਮ ਆਦਮੀ ਪਾਰਟੀ ਦੀ ਚੋਣ ਲੜ ਰਹੇ ਹਨ | ਭਾਰਤੀ ਜਨਤਾ ਪਾਰਟੀ ਦੇ 2 ਉਮੀਦਵਾਰ ਪਾਰਟੀ ਦੇ ਚੋਣ ਨਿਸ਼ਾਨ 'ਤੇ ਚੋਣ ਲੜ ਰਹੇ ਹਨ | ਕਾਂਗਰਸ ਅਤੇ ਅਕਾਲੀ ਦਲ ਦੇ ਉਮੀਦਵਾਰ ਭਾਵੇਂ ਉਹ ਆਪਣੀਆਂ ਪਾਰਟੀਆਂ ਨਾਲ ਜੁੜੇ ਹਨ ਅਤੇ ਵੋਟਰ ਵੀ ਭਲੀ ਭਾਂਤ ਸਮਝਦੇ ਹਨ, ਫਿਰ ਵੀ ਉਨ੍ਹਾਂ ਵਲੋਂ ਆਜ਼ਾਦ ਉਮੀਦਵਾਰ ਵਜੋਂ ਹੀ ਚੋਣ ਲੜਨ ਦਾ ਫ਼ੈਸਲਾ ਕੀਤਾ ਹੈ ਹਾਲਾਂਕਿ ਨਤੀਜਿਆਂ ਤੋਂ ਬਾਅਦ ਜਿੱਤੇ ਹੋਏ ਕੌਂਸਲਰ ਵੱਖ-ਵੱਖ ਰਾਜਨੀਤਕ ਪਾਰਟੀਆਂ ਵਲੋਂ ਅਪਣਾ ਲਏ ਜਾਂਦੇ ਹਨ ਅਤੇ ਵੋਟਰ ਆਪਣੇ ਕੌਂਸਲਰਾਂ ਵੱਲ ਦੇਖਦੇ ਰਹਿ ਜਾਂਦੇ ਹਨ | ਉਨ੍ਹਾਂ ਦਾ ਮੰਨਣਾ ਹੈ ਕਿ ਵਿਕਾਸ ਕਾਰਜ ਕਰਵਾਉਣ ਲਈ ਰਾਜ ਕਰਤਾ ਧਿਰ ਨਾਲ ਜੁੜਨ ਦਾ ਫ਼ਾਇਦਾ ਮਿਲਦਾ ਹੈ | ਕੁਝ ਚੋਣ ਲੜਨ ਵਾਲੇ ਕੌਂਸਲਰਾਂ ਦਾ ਕਹਿਣਾ ਹੈ ਕਿ ਵਿਚਾਰਧਾਰਾ ਆਪਣੀ ਪਾਰਟੀ ਨਾਲ ਰੱਖੀ ਜਾ ਸਕਦੀ ਹੈ ਅਤੇ ਵਿਕਾਸ ਲਈ ਸਹਿਯੋਗ ਦੇਣਾ ਵੱਖਰੀ ਗੱਲ ਹੈ |