ਬਲਵਿੰਦਰ ਸਿੰਘ ਧਾਲੀਵਾਲ/ਰਾਵਿੰਦਰ ਸਿੰਘ ਰਵੀ
ਮਾਨਸਾ, 26 ਮਈ- ਮਾਨਸਾ ਜ਼ਿਲੇ੍ਹ 'ਚ ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਦਾ ਅਮਲ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜ੍ਹ ਗਿਆ ਹੈ | ਨਿੱਕੀਆਂ-ਮੋਟੀਆਂ ਬਹਿਸ ਬਾਜ਼ੀਆਂ ਤੋਂ ਇਲਾਵਾ ਕਿਧਰੇ ਵੀ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ | 'ਅਜੀਤ' ਦੀ ਟੀਮ ਵਲੋਂ ਵੇਖਿਆ ਕਿ ਸਵੇਰ ਵੇਲੇ ਹੀ ਵੋਟਰ ਕਤਾਰਾਂ 'ਚ ਲੱਗ ਗਏ ਸਨ ਅਤੇ ਇੱਥੋਂ ਤੱਕ ਤਿੱਖੜ ਗਰਮੀ 'ਚ ਵੀ ਦੁਪਹਿਰ ਸਮੇਂ ਵੋਟਰਾਂ 'ਚ ਉਤਸ਼ਾਹ ਸੀ | ਸਰਕਾਰੀ ਬੁਲਾਰੇ ਅਨੁਸਾਰ 74.36 ਫ਼ੀਸਦੀ ਵੋਟਾਂ ਭੁਗਤੀਆਂ ਹਨ | ਨਗਰ ਕੌਂਸਲ ਮਾਨਸਾ 'ਚ 69.23 ਪ੍ਰਤੀਸ਼ਤ ਵੋਟਾਂ ਪੋਲ ਹੋਈਆਂ ਜਦਕਿ ਬਰੇਟਾ 82.26, ਬੁਢਲਾਡਾ 76.17 ਪ੍ਰਤੀਸ਼ਤ ਵੋਟਾਂ ਦਾ ਭੁਗਤਾਨ ਹੋਇਆ ਹੈ | ਨਗਰ ਪੰਚਾਇਤ ਬੋਹਾ 'ਚ 84.04 ਜਦਕਿ ਨਗਰ ਪੰਚਾਇਤ ਜੋਗਾ 'ਚ ਸਭ ਤੋਂ ਵੱਧ 85.33 ਫ਼ੀਸਦੀ ਵੋਟਾਂ ਪਈਆਂ | 308 ਉਮੀਦਵਾਰਾਂ ਦੀ ਕਿਸਮਤ ਬੈਲਟ ਬਕਸਿਆਂ 'ਚ ਬੰਦ ਹੋ ਗਈ ਹੈ | ਵੋਟਾਂ ਦੀ ਗਿਣਤੀ 29 ਮਈ ਨੂੰ ਹੋਵੇਗੀ | ਵੋਟਾਂ ਦੀ ਕੁੱਲ ਗਿਣਤੀ 1 ਲੱਖ 27 ਹਜ਼ਾਰ 886 ਹੈ | ਮਾਨਸਾ ਨਗਰ ਕੌਂਸਲ 'ਚ ਵੋਟਰਾਂ ਦੀ ਗਿਣਤੀ 66 ਹਜ਼ਾਰ 424 ਹੈ, ਜਿਨ੍ਹਾਂ 'ਚ 34 ਹਜ਼ਾਰ 807 ਮਰਦ ਤੇ 31 ਹਜ਼ਾਰ 617 ਔਰਤ ਵੋਟਰ ਹੈ | ਨਗਰ ਕੌਂਸਲ ਬੁਢਲਾਡਾ 'ਚ ਕੁੱਲ ਵੋਟਰ 30 ਹਜ਼ਾਰ 320 ਹਨ, ਜਿਨ੍ਹਾਂ 'ਚ 15 ਹਜ਼ਾਰ 811 ਮਰਦ ਤੇ 14 ਹਜ਼ਾਰ 507 ਔਰਤ ਅਤੇ 2 ਕਿੰਨਰ ਵੋਟਰ ਹਨ | ਨਗਰ ਕੌਂਸਲ ਬਰੇਟਾ ਦੇ 14 ਹਜ਼ਾਰ 243 ਵੋਟਰਾਂ 'ਚ 7458 ਮਰਦ, 6784 ਔਰਤ ਅਤੇ 1 ਕਿੰਨਰ ਵੋਟਰ ਹੈ | ਨਗਰ ਪੰਚਾਇਤ ਜੋਗਾ ਦੇ 7383 ਵੋਟਰਾਂ 'ਚ 3847 ਮਰਦ ਤੇ 3536 ਔਰਤ ਅਤੇ ਨਗਰ ਪੰਚਾਇਤ ਬੋਹਾ ਦੇ 9516 ਵੋਟਰਾਂ 'ਚ 4975 ਮਰਦ, 4540 ਔਰਤਾਂ ਅਤੇ 1 ਕਿੰਨਰ ਵੋਟਰ ਸ਼ਾਮਿਲ ਹੈ |
ਡੀ.ਸੀ. ਤੇ ਐਸ.ਐਸ.ਪੀ. ਵਲੋਂ ਵੋਟਰਾਂ ਦਾ ਧੰਨਵਾਦ
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਨਵਜੋਤ ਕੌਰ ਤੇ ਜ਼ਿਲ੍ਹਾ ਪੁਲਿਸ ਮੁਖੀ ਭਾਗੀਰਥ ਸਿੰਘ ਮੀਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੋਟਰਾਂ ਦਾ ਇਸ ਗੱਲੋਂ ਧੰਨਵਾਦ ਕੀਤਾ ਹੈ ਕਿ ਉਨ੍ਹਾਂ ਨੇ ਅਮਨ-ਸ਼ਾਂਤੀ ਨਾਲ ਵੋਟਾਂ ਦਾ ਭੁਗਤਾਨ ਕੀਤਾ ਹੈ | ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ 'ਚ 137 ਪੋਲਿੰਗ ਬੂਥ ਬਣਾਏ ਗਏ ਹਨ, ਦੇ ਅੰਦਰੂਨੀ ਤੇ ਬਾਹਰੀ ਹਿੱਸੇ 'ਚ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਸਨ | ਉਨ੍ਹਾਂ ਦਾਅਵਾ ਕਿ ਪ੍ਰਸ਼ਾਸਨ ਵਲੋਂ ਹਰ ਪੱਖੋਂ ਬਿਹਤਰੀਨ ਇੰਤਜ਼ਾਮ ਕੀਤੇ ਗਏ | ਇਸੇ ਦੌਰਾਨ ਐਸ.ਐਸ.ਪੀ. ਸ੍ਰੀ ਮੀਨਾ ਨੇ ਦੱਸਿਆ ਕਿ ਵੋਟ ਅਮਲ ਨੂੰ ਨੇਪਰੇ ਚਾੜ੍ਹਨ ਲਈ 800 ਪੁਲਿਸ ਮੁਲਾਜ਼ਮ, 7 ਡੀ.ਐਸ.ਪੀ., 2 ਐਸ.ਪੀ. ਅਤੇ 19 ਪੈਟਰੋਲਿੰਗ ਪਾਰਟੀਆਂ ਤੋਂ ਇਲਾਵਾ 19 ਰਿਜ਼ਰਵ ਪਾਰਟੀਆਂ ਲਗਾਈਆਂ ਗਈਆਂ ਸਨ | ਇਸ ਤੋਂ ਇਲਾਵਾ ਅੰਤਰ ਰਾਜੀ ਤੇ ਅੰਤਰ ਜ਼ਿਲ੍ਹਾ ਨਾਕਾਬੰਦੀ ਵੀ ਕੀਤੀ ਗਈ ਸੀ | ਅਧਿਕਾਰੀਆਂ ਅਨੁਸਾਰ ਵੋਟਾਂ ਦੀ ਗਿਣਤੀ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ |
ਨਗਰ ਕੌਂਸਲ ਮਾਨਸਾ 'ਚ ਸ਼ੋ੍ਰਮਣੀ ਅਕਾਲੀ ਦਲ ਉਮੀਦਵਾਰ ਉਤਾਰਨ 'ਚ ਮੋਹਰੀ
ਨਗਰ ਕੌਂਸਲ ਮਾਨਸਾ ਦੀ ਗੱਲ ਕੀਤੀ ਜਾਵੇ ਤਾਂ 27 ਵਾਰਡਾਂ 'ਚ 120 ਉਮੀਦਵਾਰ ਚੋਣ ਲੜ ਰਹੇ ਸਨ | ਸਭ ਤੋਂ ਵੱਧ ਉਮੀਦਵਾਰ ਸ਼ੋ੍ਰਮਣੀ ਅਕਾਲੀ ਦਲ ਉਤਾਰਨ 'ਚ ਕਾਮਯਾਬ ਰਿਹਾ | ਸ਼ੋ੍ਰਮਣੀ ਅਕਾਲੀ ਦਲ ਨੇ 26, ਆਮ ਆਦਮੀ ਪਾਰਟੀ ਵਲੋਂ 24, ਭਾਜਪਾ ਨੇ 23 ਅਤੇ ਕਾਂਗਰਸ ਦੇ 21 ਉਮੀਦਵਾਰ ਚੋਣ ਮੈਦਾਨ 'ਚ ਲਿਆਂਦੇ ਸਨ | ਬਹੁਜਨ ਸਮਾਜ ਪਾਰਟੀ ਵਲੋਂ ਵੀ 2 ਵਾਰਡਾਂ 'ਚ ਚੋਣ ਲੜੀ ਗਈ ਜਦਕਿ 24 ਆਜ਼ਾਦ ਉਮੀਦਵਾਰ ਮੈਦਾਨ 'ਚ ਸਨ | ਇਹ ਹੁਣ 29 ਮਈ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਪਤਾ ਲੱਗੇਗਾ ਕਿ ਕਿਹੜੀ ਪਾਰਟੀ ਕਿੰਨੇ ਪਾਣੀ 'ਚ ਹੈ ਅਤੇ ਕਿਹੜਾ ਉਮੀਦਵਾਰ ਜਿੱਤ ਦੀਆਂ ਪੌੜੀਆਂ ਚੜ੍ਹੇਗਾ |
ਵੋਟਾਂ ਇੱਧਰ-ਉੱਧਰ ਹੋਣ/ਕੱਟਣ ਕਾਰਨ ਬਹੁਤੇ ਵੋਟਰ ਮਤਦਾਨ ਤੋਂ ਵਾਂਝੇ ਰਹੇ
ਇਨ੍ਹਾਂ ਚੋਣਾਂ 'ਚ ਬਹੁਤੇ ਵੋਟਰ ਵੋਟ ਪਾਉਣ ਤੋਂ ਵਾਂਝੇ ਰਹਿ ਗਏ | ਉਨ੍ਹਾਂ ਨੂੰ ਵੋਟ ਇੱਧਰ-ਉੱਧਰ ਵਾਰਡਾਂ 'ਚ ਤਬਦੀਲ ਹੋਣ ਕਾਰਨ ਕਾਫ਼ੀ ਖੱਜਲ-ਖੁਆਰੀਆਂ ਦਾ ਸਾਹਮਣਾ ਕਰਨਾ ਪਿਆ | ਕੁਝ ਦੀਆਂ ਵੋਟਾਂ ਕੱਟੀਆਂ ਵੀ ਗਈਆਂ | ਵੋਟਰਾਂ ਦਾ ਦੱਸਣਾ ਹੈ ਕਿ ਵਿਧਾਨ ਸਭਾ ਚੋਣਾਂ ਵੇਲੇ ਉਨ੍ਹਾਂ ਦੀਆਂ ਵੋਟਾਂ ਸਨ ਜਦਕਿ ਹੁਣ ਕਿਧਰੇ ਵੀ ਲੱਭੀਆਂ ਨਹੀਂ |
ਬਰੇਟਾ ਵਿਖੇ ਵੋਟਾਂ ਅਮਨ ਸ਼ਾਂਤੀ ਨਾਲ ਪਈਆਂ
ਬਰੇਟਾ ਤੋਂ ਜੀਵਨ ਸ਼ਰਮਾ/ਪਾਲ ਸਿੰਘ ਮੰਡੇਰ ਅਨੁਸਾਰ- ਨਗਰ ਕੌਂਸਲ ਬਰੇਟਾ ਵਿਖੇ ਵੋਟਾਂ ਪਾਉਣ ਦਾ ਕੰਮ ਅਮਨ ਸ਼ਾਂਤੀ ਨਾਲ ਨੇਪਰੇ ਚੜ ਗਿਆ | ਸ਼ਹਿਰ ਦੇ ਮੁਕਾਬਲੇ ਬਰੇਟਾ ਪਿੰਡ ਅਧੀਨ ਪੈਂਦੇ ਵਾਰਡ ਨੰਬਰ 6, 7, 8, 10 'ਚ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਸਨ | ਸ਼ਹਿਰ ਦਾ ਚਰਚਿਤ ਵਾਰਡ ਨੰਬਰ 4 (ਜਨਰਲ) ਦੇ ਪੋਲਿੰਗ ਬੂਥਾਂ 'ਤੇ ਰੌਣਕ ਵੇਖਣ ਨੂੰ ਮਿਲੀ | ਇਸ ਤੋਂ ਇਲਾਵਾ ਵਾਰਡ ਨੰਬਰ 5, 6, 7 ਅਤੇ 8 ਵਿਖੇ ਵੀ ਮੁਕਾਬਲੇ ਦਿਲਚਸਪ ਵਿਖਾਈ ਦਿੱਤੇ | ਵਾਰਡ ਨੰਬਰ 3 'ਚ 91.3 ਪ੍ਰਤੀਸ਼ਤ, ਵਾਰਡ ਨੰਬਰ 4 'ਚ 79.37, ਵਾਰਡ ਨੰਬਰ 5 'ਚ 79.52, ਵਾਰਡ ਨੰਬਰ 6 'ਚ 88.78, ਵਾਰਡ ਨੰਬਰ 7 'ਚ 80, ਵਾਰਡ ਨੰਬਰ 8 'ਚ 88, ਵਾਰਡ ਨੰਬਰ 12 'ਚ 81.25 ਪ੍ਰਤੀਸ਼ਤ ਵੋਟਾਂ ਪੋਲ ਹੋਈਆਂ ਹਨ | ਉਮੀਦਵਾਰਾਂ ਵਲੋਂ ਆਪਣੇ ਵੋਟਰਾਂ ਨੂੰ ਬੂਥਾਂ 'ਤੇ ਲਿਆ ਕੇ ਵੋਟਾਂ ਦਾ ਭੁਗਤਾਨ ਕਰਵਾਇਆ ਗਿਆ |
ਨਗਰ ਪੰਚਾਇਤ ਬੋਹਾ 'ਚ ਚੋਣ ਅਮਨ-ਸ਼ਾਂਤੀ ਨਾਲ ਸਿਰੇ ਚੜ੍ਹੀ
ਬੋਹਾ ਤੋਂ ਰਮੇਸ਼ ਤਾਂਗੜੀ ਅਨੁਸਾਰ- ਨਗਰ ਪੰਚਾਇਤ ਬੋਹਾ ਦੇ 13 ਵਾਰਡਾਂ 'ਚ ਹੋਏ ਫਸਵੇਂ ਮੁਕਾਬਲਿਆਂ ਦੌਰਾਨ ਚੋਣ ਅਮਲ ਸ਼ਾਂਤੀ ਨਾਲ ਸਿਰੇ ਚੜ੍ਹ ਗਈਆਂ | ਵਾਰਡ ਨੰ. 1 ਦੀ ਚੋਣ ਗਾਦੜ ਪੱਤੀ ਸਕੂਲ, 2 ਦੀ ਸਰਕਾਰੀ ਸਕੂਲ ਬੋਹਾ 'ਚ ਹੋਈ ਅਤੇ 80 ਪ੍ਰਤੀਸ਼ਤ ਵੋਟਾਂ ਪਈਆਂ | ਇੱਥੇ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਗੁਰਜੀਤ ਸਿੰਘ ਵਿਚਕਾਰ ਸਖ਼ਤ ਮੁਕਾਬਲਾ ਰਿਹਾ | ਵਾਰਡ ਨੰ. 10 ਤੇ 11 ਦੀਆਂ ਚੋਣਾਂ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਹੋਈ, ਜਿੱਥੇ ਕਮਲਦੀਪ ਬਾਵਾ ਸਾਬਕਾ ਪ੍ਰਧਾਨ, ਗੁਰਮੀਤ ਸਿੰਘ ਅਕਾਲੀ ਦਲ, ਸ਼ਿੰਗਾਰਾ ਸਿੰਘ ਕਾਂਗਰਸ, ਗੁਰਲਾਲ ਸਿੰਘ ਭਾਜਪਾ ਅਤੇ ਪਰਦੀਪ ਬਿੱਟੂ ਕਾਂਗਰਸ ਵਿਚਕਾਰ ਸਖ਼ਤ ਮੁਕਾਬਲਾ ਹੋਇਆ | ਇੱਥੇ ਵੀ 80 ਪ੍ਰਤੀਸ਼ਤ ਵੋਟਾਂ ਪਈਆਂ | ਲੋਕਾਂ 'ਚ ਵੋਟਾਂ ਲਈ ਇੰਨਾ ਉਤਸ਼ਾਹ ਵੇਖਿਆ ਗਿਆ ਕਿ ਅੰਗਹੀਣ, ਅਪਾਹਜ ਵੋਟਰਾਂ ਨੇ ਵੀ ਪਹੁੰਚ ਕੇ ਵੋਟਾਂ ਪਾਈਆਂ | ਇਸੇ ਤਰ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਬਾਜੀਗਰ ਬਸਤੀ 'ਚ ਵੀ 2 ਵਾਰਡਾਂ ਦੀਆਂ ਵੋਟਾਂ ਪਈਆਂ | ਸਰਕਾਰੀ ਸਕੂਲ (ਐਮੀਨੈਂਸ) ਵਿਖੇ ਵੀ 3 ਵਾਰਡਾਂ ਦੀਆਂ ਵੋਟਾਂ ਪਈਆਂ | 5 ਵਜੇ ਵੋਟਿੰਗ ਖ਼ਤਮ ਹੁੰਦਿਆਂ ਹੀ ਬੈਲਟ ਬਕਸੇ ਸੀਲ ਕੀਤੇ ਗਏ | ਇਸ ਮੌਕੇ ਉਮੀਦਵਾਰ ਵੀ ਮੌਕੇ 'ਤੇ ਹਾਜ਼ਰ ਸਨ | ਭਾਵੇਂ ਉਮੀਦਵਾਰਾਂ ਦੀ ਜਿੱਤ-ਹਾਰ ਅਤੇ ਅਸਲ ਸਥਿਤੀ ਤਾਂ 29 ਮਈ ਨੂੰ ਇੱਥੋਂ ਦੇ 10 ਸ਼ੋ੍ਰਮਣੀ ਅਕਾਲੀ ਦਲ ਉਮੀਦਵਾਰਾਂ ਦੀ ਚੜ੍ਹਤ ਲਈ ਰਹੀ | ਆਮ ਆਦਮੀ ਪਾਰਟੀ ਦੇ ਸਾਰੇ 13 ਉਮੀਦਵਾਰਾਂ 'ਚ ਵੀ ਸਖ਼ਤ ਮੁਕਾਬਲਾ ਰਿਹਾ |
ਜੋਗਾ ਨਗਰ ਪੰਚਾਇਤ ਚੋਣਾਂ 'ਚ ਵੋਟਰਾਂ ਨੇ ਵਿਖਾਇਆ ਭਾਰੀ ਉਤਸ਼ਾਹ
ਜੋਗਾ ਤੋਂ ਮਨਜੀਤ ਸਿੰਘ ਘੜੈਲੀ ਅਨੁਸਾਰ- ਕਸਬਾ ਜੋਗਾ 'ਚ ਨਗਰ ਪੰਚਾਇਤ ਚੋਣਾਂ 'ਚ ਵੋਟਰਾਂ ਨੇ ਸਵੇਰ ਤੋਂ ਹੀ ਕਾਫੀ ਉਤਸ਼ਾਹ ਵਿਖਾਇਆ | ਸਵੇਰ ਤੋਂ ਹੀ ਸਾਰੇ ਪੋਲਿੰਗ ਬੂਥਾਂ 'ਤੇ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਵੇਖਣ ਨੂੰ ਮਿਲੀਆਂ | ਜਾਣਕਾਰੀ ਅਨੁਸਾਰ ਜੋਗਾ 'ਚ ਕਰੀਬ 85.33 ਫ਼ੀਸਦੀ ਵੋਟਾਂ ਪੋਲ ਹੋਣ ਦੀ ਖ਼ਬਰ ਹੈ | ਦੁਪਹਿਰ ਦੀ ਤੀਖਣ ਗਰਮੀ ਵੀ ਵੋਟਰਾਂ ਦਾ ਉਤਸ਼ਾਹ ਮੱਠਾ ਕਰਨ 'ਚ ਨਾਕਾਮ ਸਾਬਤ ਰਹੀ ਕਿਉਂਕਿ ਦੁਪਹਿਰ ਦੇ ਸਮੇਂ ਵੀ ਇੱਥੇ ਵੋਟਰਾਂ ਦੀਆਂ ਲਾਈਨਾਂ ਵੇਖਣ ਨੂੰ ਮਿਲੀਆਂ | ਦੱਸਣਯੋਗ ਗੱਲ ਇਹ ਹੈ ਕਿ ਖੱਬੇ ਪੱਖੀ ਧਿਰ ਸੀ.ਪੀ.ਆਈ. ਵਲੋਂ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਕਾ. ਗੁਰਮੀਤ ਸਿੰਘ ਜੋਗਾ ਦੀ ਅਗਵਾਈ 'ਚ ਸਾਰੇ 13 ਵਾਰਡਾਂ 'ਚ ਉਮੀਦਵਾਰ ਉਤਾਰੇ ਗਏ ਸਨ ਜਦਕਿ ਉਨ੍ਹਾਂ ਦੇ ਮੁਕਾਬਲੇ ਆਮ ਆਦਮੀ ਪਾਰਟੀ, ਸ਼ੋ੍ਰਮਣੀ ਅਕਾਲੀ ਦਲ ਤੇ ਕਾਂਗਰਸ ਵਲੋਂ ਸਾਂਝੇ ਉਮੀਦਵਾਰ ਸਨ, ਜਿਨ੍ਹਾਂ 'ਚੋਂ 9 ਉਮੀਦਵਾਰ ਝਾੜੂ ਦੇ ਨਿਸ਼ਾਨ 'ਤੇ ਚੋਣ ਮੈਦਾਨ 'ਚ ਸਨ | 2 ਵਾਰਡਾਂ 'ਚ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਵੀ ਕਿਸਮਤ ਅਜ਼ਮਾ ਰਹੇ ਹਨ | 19 ਜਣਿਆਂ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ | ਬਾਅਦ ਦੁਪਹਿਰ ਹਲਕਾ ਮਾਨਸਾ ਦੇ ਵਿਧਾਇਕ ਡਾ. ਵਿਜੇ ਸਿੰਗਲਾ ਵੀ ਆਪਣੇ ਸਮਰਥਕਾਂ ਦਾ ਹੌਸਲਾ ਵਧਾਉਣ ਲਈ ਜੋਗਾ ਵਿਖੇ ਪਹੁੰਚੇ |
ਅਮਨ ਸ਼ਾਂਤੀ ਨਾਲ ਨੇਪਰੇ ਚੜਿ੍ਹਆ ਬੁਢਲਾਡਾ ਨਗਰ ਕੌਂਸਲ ਦਾ ਚੋਣ ਅਮਲ
ਬੁਢਲਾਡਾ ਤੋਂ ਸਵਰਨ ਸਿੰਘ ਰਾਹੀ ਅਨੁਸਾਰ- ਨਗਰ ਕੌਂਸਲ ਬੁਢਲਾਡਾ ਦੇ 19 ਵਾਰਡਾਂ ਦੀ ਹੋਈ ਵੋਟਿੰਗ ਦੌਰਾਨ ਸਮੁੱਚਾ ਚੋਣ ਅਮਲ-ਅਮਨ ਸ਼ਾਂਤੀਪੂਰਵਕ ਨੇਪਰੇ ਚੜ੍ਹ ਗਿਆ | ਐਸ.ਡੀ.ਐਮ. ਗਗਨਦੀਪ ਸਿੰਘ ਨੇ ਸਮੂਹ ਵੋਟਰਾਂ ਅਤੇ ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਲੋਕਾਂ ਦੇ ਆਪਸੀ ਸਹਿਯੋਗ ਅਤੇ ਭਾਈਚਾਰਕ ਸਾਂਝ ਨਾਲ ਬੁਢਲਾਡਾ ਸ਼ਹਿਰ ਦੀ ਪੋਲਿੰਗ 76.17 ਫ਼ੀਸਦੀ ਰਹੀ ਹੈ | ਉਨ੍ਹਾਂ ਸਮੁੱਚੇ ਚੋਣ ਅਮਲੇ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਨਾਲ ਇਹ ਸਭ ਕੁਝ ਸੰਭਵ ਹੋ ਸਕਿਆ ਹੈ | ਸਵੇਰੇ 8 ਵਜੇ ਪੋਲਿੰਗ ਦੀ ਸ਼ੁਰੂ ਹੁੰਦਿਆਂ ਹੀ ਲਗਪਗ ਸਾਰੇ ਵਾਰਡਾਂ ਦੇ ਬੂਥਾਂ 'ਤੇ ਵੋਟਰਾਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ ਅਤੇ ਵੋਟਰ ਸ਼ਾਮ ਤੱਕ ਆਪੋ ਆਪਣੇ ਉਮੀਦਵਾਰਾਂ ਲਈ ਪੂਰੇ ਉਤਸ਼ਾਹ ਨਾਲ ਵੋਟਾਂ ਭੁਗਤਾਉਂਦੇ ਰਹੇ |
ਹਲਕਾ ਵਿਧਾਇਕ ਨੇ ਵੀ ਆਮ ਲੋਕਾਂ ਦੀ ਕਤਾਰ 'ਚ ਲੱਗ ਕੇ ਵੋਟ ਪਾਈ
ਹਲਕਾ ਵਿਧਾਇਕ ਬੁੱਧ ਰਾਮ ਵਲੋਂ ਆਪਣੇ ਪਰਿਵਾਰ ਸਮੇਤ ਵਾਰਡ ਨੰਬਰ 8 ਦੇ ਬੂਥ 'ਤੇ ਆਮ ਲੋਕਾਂ ਦੀ ਕਤਾਰ 'ਚ ਲੱਗ ਕੇ ਆਪਣੀਆਂ ਵੋਟਾਂ ਪਾਈਆਂ | ਉਨ੍ਹਾਂ ਵੋਟਰਾਂ ਨੂੰ ਅਮਨ ਸ਼ਾਂਤੀ ਨਾਲ ਵੋਟਾਂ ਪਾਉਣ ਲਈ ਵਧਾਈ ਵੀ ਦਿੱਤੀ |
ਸੁਰੱਖਿਆ ਦੇ ਸਖ਼ਤ ਪ੍ਰਬੰਧ
ਇਨ੍ਹਾਂ ਚੋਣਾਂ ਨੂੰ ਧਿਆਨ 'ਚ ਰੱਖਦਿਆਂ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਹਦਾਇਤਾਂ 'ਤੇ ਵੱਖ-ਵੱਖ ਬੂਥਾਂ 'ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ ਅਤੇ ਹਰੇਕ ਬੂਥ ਦੇ ਅੰਦਰ-ਬਾਹਰ ਸੀ.ਸੀ.ਟੀ.ਵੀ. ਕੈਮਰੇ ਲਗਾਏ ਸਨ | ਇਨ੍ਹਾਂ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਪੁੱਜੇ ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ ਅਤੇ ਐਸ.ਐਸ.ਪੀ. ਭਾਗੀਰਥ ਸਿੰਘ ਮੀਨਾ ਨੇ ਵੀ ਇਨ੍ਹਾਂ ਪ੍ਰਬੰਧਾਂ 'ਤੇ ਤਸੱਲੀ ਪ੍ਰਗਟਾਈ | ਇਸ ਸਮੁੱਚੇ ਚੋਣ ਅਮਲ ਨੂੰ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਲਈ ਡੀ.ਐਸ.ਪੀ. ਸਿਕੰਦਰ ਸਿੰਘ ਚੀਮਾ ਅਤੇ ਵੱਖ ਵੱਖ ਥਾਣਿਆਂ ਦੇ ਥਾਣੇਦਾਰ ਸਾਹਿਬਾਨਾਂ ਦਾ ਪੂਰਾ ਸਹਿਯੋਗ ਰਿਹਾ |
ਮਾਨਸਾ ਜ਼ਿਲੇ੍ਹ 'ਚ ਨਗਰ ਕੌਂਸਲ/ਨਗਰ ਪੰਚਾਇਤ ਚੋਣਾਂ ਦੌਰਾਨ 74.36 ਫ਼ੀਸਦੀ ਵੋਟਿੰਗ ਹੋਈ
ਅਜੀਤ ਡੈਸਕ
27-05-2026