ਤੂੜੀ ਦਾ ਭਾਅ ਵਧਣ ਨਾਲ ਪਸ਼ੂ ਪਾਲਕ ਚਿੰਤਤ-ਡਾ. ਸ਼ਰਮਾ
ਅਜੀਤ ਡੈਸਕ
06-06-2026
ਸੰਗਤ ਮੰਡੀ, 5 ਜੂਨ (ਸੁਖਤੇਜ ਧਾਲੀਵਾਲ)-ਇਸ ਵਾਰ ਜੂਨ ਮਹੀਨੇ ਵਿਚ ਅਚਾਨਕ ਤੂੜੀ ਦੇ ਭਾਅ ‘ਚ ਆਈ ਤੇਜ਼ੀ ਨਾਲ ਪਸ਼ੂ ਪਾਲਕਾਂ ਵਿਚ ਚਿੰਤਾ ਬਣੀ ਹੋਈ ਹੈ। ਜਿਸ ਕਰਕੇ ਪੇਂਡੂ ਖੇਤਰਾਂ ਵਿਚ ਜਿਨ੍ਹਾਂ ਲੋਕਾਂ ਕੋਲ ਆਪਣੀ ਜ਼ਮੀਨ ਨਹੀਂ ਹੈ। ਉਨ੍ਹਾਂ ਨੂੰ ਪਸ਼ੂਆਂ ਦੇ ਚਾਰੇ ਲਈ ਤੂੜੀ ਮੁੱਲ ਖ਼ਰੀਦਣੀ ਪੈਂਦੀ ਹੈ ਕਿਉਂਕਿ ਉਨ੍ਹਾਂ ਲੋਕਾਂ ਨੂੰ ਆਪਣੇ ਘਰ ਦਾ ਗੁਜ਼ਾਰਾ ਚਲਾਉਣ ਲਈ ਪਸ਼ੂਆਂ ਦਾ ਦੁੱਧ ਵੇਚ ਕੇ ਕਰਨਾ ਪੈਂਦਾ ਹੈ। ਉਨ੍ਹਾਂ ਲਈ ਅਸਮਾਨੀ ਚੜ੍ਹੇ ਤੂੜੀ ਦੇ ਭਾਅ ਦੀ ਚਿੰਤਾ ਵੱਢ-ਵੱਢ ਖਾ ਰਹੀ ਹੈ। ਤੂੜੀ ਦੇ ਭਾਅ ਵਧਣ ਸੰਬੰਧੀ ਗੱਲਬਾਤ ਕਰਦਿਆਂ ਵੈਟਰਨਰੀ ਮਾਹਿਰ ਪ੍ਰਿੰਸੀਪਲ ਡਾ. ਬਿਮਲ ਸ਼ਰਮਾ ਨੇ ਦੱਸਿਆ ਕਿ ਇਸ ਵਾਰ ਤਾਂ ਤੂੜੀ ਦੇ ਭਾਅ ਨੇ ਪਿਛਲੇ ਸਾਰੇ ਸਾਲਾਂ ਦੇ ਰਿਕਾਰਡ ਤੋੜ ਕੇ ਰੱਖ ਦਿੱਤੇ ਹਨ। ਜਿੱਥੇ ਪਿਛਲੇ ਸਾਲ ਮਈ, ਜੂਨ ਦੇ ਮਹੀਨਿਆਂ ਵਿਚ ਤੂੜੀ ਦਾ ਭਾਅ 200 ਤੋਂ 250 ਰੁਪਏ ਪ੍ਰਤੀ ਕੁਇੰਟਲ ਹੁੰਦਾ ਸੀ ਉੱਥੇ ਅੱਜ-ਕੱਲ੍ਹ 800 ਤੋਂ 900 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਗਿਆ ਹੈ। ਕਈ ਮੰਡੀਆਂ ਵਿਚ ਤਾਂ ਤੂੜੀ ਦਾ ਭਾਅ 1000 ਰੁਪਏ ਪ੍ਰਤੀ ਕੁਇੰਟਲ ਤੱਕ ਪੁੱਜ ਗਿਆ ਹੈ। ਜਿਸ ਕਾਰਨ ਦਰਮਿਆਨੇ ਪਸ਼ੂ ਪਾਲਕਾਂ ਲਈ ਤੂੜੀ ਖ਼ਰੀਦਣਾ ਉਨ੍ਹਾਂ ਦੇ ਵੱਸ ਤੋਂ ਬਾਹਰ ਹੋ ਗਿਆ ਹੈ।