ਮਹਿਮਾ ਸਰਜਾ, 12 ਜੂਨ (ਬਲਦੇਵ ਸੰਧੂ)-ਬੀਤੀ ਰਾਤ ਆਏ ਤੇਜ਼ ਮੀਂਹ ਤੇ ਝੱਖੜ ਨੇ ਇਲਾਕੇ ਦੇ ਕਿਸਾਨਾਂ ਲਈ ਵੱਡੀ ਮੁਸੀਬਤ ਖੜ੍ਹੀ ਕਰ ਦਿੱਤੀ | ਕੁਦਰਤੀ ਆਫ਼ਤ ਦੇ ਪ੍ਰਭਾਵ ਹੇਠ ਕੋਟਭਾਈ ਰਜਵਾਹੇ 'ਚ ਦਰੱਖਤਾਂ ਦੀਆਂ ਟਾਹਣੀਆਂ ਡਿੱਗਣ ਕਾਰਨ ਪਾਣੀ ਦਾ ਵਹਾਅ ਰੁਕ ਗਿਆ ਅਤੇ ਰਜਵਾਹਾ ਓਵਰਫਲੋ ਹੋਣ ਲੱਗਾ | ਇਸ ਦੇ ਨਤੀਜੇ ਵਜੋਂ ਮੋਘਾ ਨੰਬਰ 71,000 ਨੇੜੇ ਰਾਤ ਕਰੀਬ 11 ਵਜੇ ਰਜਵਾਹੇ 'ਚ ਲਗਪਗ 25 ਫੁੱਟ ਚੌੜਾ ਪਾੜ ਪੈ ਗਿਆ | ਇਸ ਤੋਂ ਪਹਿਲਾਂ ਮਹਿਮਾ ਸਰਜਾ ਵਿਖੇ ਬਾਬਾ ਜੀਵਨ ਸਿੰਘ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਵੀ ਕਰੀਬ 20 ਫੁੱਟ ਦਾ ਪਾੜ ਪੈਣ ਦੀ ਘਟਨਾ ਸਾਹਮਣੇ ਆਈ ਹੈ | ਰਜਵਾਹੇ ਦੇ ਟੁੱਟਣ ਨਾਲ ਪਾਣੀ ਨੇ ਭਿਆਨਕ ਰੂਪ ਧਾਰਨ ਕਰ ਲਿਆ ਤੇ ਦੇਖਦੇ ਹੀ ਦੇਖਦੇ ਕਰੀਬ 500 ਏਕੜ ਰਕਬਾ ਪਾਣੀ ਹੇਠ ਆ ਗਿਆ | ਇਸ ਕਾਰਨ ਝੋਨੇ ਦੀਆਂ ਪਨੀਰੀਆਂ, ਹਰੀਆਂ-ਭਰੀਆਂ ਫ਼ਸਲਾਂ ਤੇ ਖੇਤੀਬਾੜੀ ਲਈ ਕੀਤੀਆਂ ਤਿਆਰੀਆਂ ਨੂੰ ਭਾਰੀ ਨੁਕਸਾਨ ਪਹੁੰਚਿਆ | ਕਿਸਾਨਾਂ ਅਨੁਸਾਰ ਇਹ ਨੁਕਸਾਨ ਉਨ੍ਹਾਂ ਲਈ ਆਰਥਿਕ ਤੌਰ 'ਤੇ ਬਹੁਤ ਵੱਡਾ ਝਟਕਾ ਹੈ | ਘਟਨਾ ਦੀ ਸੂਚਨਾ ਮਿਲਦੇ ਹੀ ਗੁਰਦੁਆਰਾ ਸਾਹਿਬ ਦੇ ਸਪੀਕਰ ਰਾਹੀਂ ਐਲਾਨ ਕਰਕੇ ਪਿੰਡ ਵਾਸੀਆਂ ਨੂੰ ਇਕੱਠਾ ਕੀਤਾ | ਨੌਜਵਾਨਾਂ, ਬਜ਼ੁਰਗਾਂ ਤੇ ਕਿਸਾਨਾਂ ਨੇ ਸਾਰੀ ਰਾਤ ਮਿੱਟੀ ਦੇ ਗੱਟੇ ਤੇ ਹੋਰ ਸਾਧਨਾਂ ਦੀ ਮਦਦ ਨਾਲ ਪਾਣੀ ਦੇ ਵਹਾਅ ਨੂੰ ਰੋਕਣ ਲਈ ਜੱਦੋ-ਜਹਿਦ ਕੀਤੀ | ਇਸ ਦੌਰਾਨ ਮਹਿਮਾ ਸਰਜਾ ਤੇ ਮਹਿਮਾ ਸਰਕਾਰੀ ਦੇ ਕਿਸਾਨਾਂ ਵਿਚਕਾਰ ਪਾਣੀ ਦੀ ਰੋਕ ਲਗਾਉਣ ਨੂੰ ਲੈ ਕੇ ਤਣਾਅਪੂਰਨ ਸਥਿਤੀ ਵੀ ਪੈਦਾ ਹੋ ਗਈ | ਕਿਸਾਨਾਂ ਨੇ ਦੋਸ਼ ਲਗਾਇਆ ਕਿ ਨਹਿਰੀ ਮਹਿਕਮੇ ਦੇ ਅਧਿਕਾਰੀਆਂ ਨੂੰ ਵਾਰ-ਵਾਰ ਸੂਚਿਤ ਕਰਨ ਦੇ ਬਾਵਜੂਦ ਸਮੇਂ ਸਿਰ ਪ੍ਰਭਾਵਸ਼ਾਲੀ ਕਾਰਵਾਈ ਨਹੀਂ ਕੀਤੀ ਗਈ | ਹਾਲਾਂਕਿ ਵਿਭਾਗ ਵਲੋਂ ਪਾਣੀ ਦਾ ਵਹਾਅ ਘਟਾਉਣ ਅਤੇ ਟੀਮ ਭੇਜਣ ਦੇ ਦਾਅਵੇ ਕੀਤੇ ਗਏ, ਪਰ ਲੋਕਾਂ ਦਾ ਕਹਿਣਾ ਹੈ ਕਿ ਮੌਕੇ 'ਤੇ ਸਿਰਫ਼ ਜੇ. ਈ. ਤੇ ਐਸ. ਡੀ. ਓ. ਹੀ ਪਹੁੰਚੇ, ਜਦਕਿ ਕਿਸਾਨ ਆਪਣੇ ਪੱਧਰ 'ਤੇ ਰਜਵਾਹੇ ਨੂੰ ਬੰਨ੍ਹਣ ਲਈ ਸੰਘਰਸ਼ ਕਰਦੇ ਰਹੇ | ਇਸ ਆਫ਼ਤ ਕਾਰਨ ਹਵਿੰਦਰ ਪਾਲ, ਰਾਜਾ ਸਿੰਘ, ਪਾਲਾ ਸਿੰਘ, ਸ਼ੇਰਾ ਸਿੰਘ, ਲੀਲੂ ਸਿੰਘ, ਹਰਪਾਲ ਸਿੰਘ, ਰੇਸ਼ਮ ਸਿੰਘ, ਗੁਰਜੀਤ ਸਿੰਘ, ਨਿੰਦਰ ਸ਼ਰਮਾ ਅਤੇ ਮੇਸ਼ੀ ਸ਼ਰਮਾ ਸਮੇਤ ਕਈ ਕਿਸਾਨਾਂ ਦੀਆਂ ਫ਼ਸਲਾਂ ਪਾਣੀ ਹੇਠ ਆ ਗਈਆਂ | ਪੀੜਤ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਤੁਰੰਤ ਗਿਰਦਾਵਰੀ ਕਰਵਾ ਕੇ ਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ |