ਬਠਿੰਡਾ, 12 ਜੂਨ (ਅਵਤਾਰ ਸਿੰਘ ਕੈਂਥ)-ਇਕ ਔਰਤ ਵਲੋਂ ਬਠਿੰਡਾ-ਮਲੋਟ ਰੋਡ 'ਤੇ ਲੰਘ ਰਹੇ ਵਾਹਨਾਂ 'ਤੇ ਪੱਥਰ ਸੁੱਟਣ ਤੇ ਸੜਕ 'ਤੇ ਲੰਬੇ ਲੇਟ ਕੇ ਰਾਹਗੀਰਾਂ ਨੂੰ ਪ੍ਰੇਸ਼ਾਨ ਕਰਨ ਦੀ ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਹੈਲਪ ਲਾਈਨ ਟੀਮ ਮੈਂਬਰ ਸੰਦੀਪ ਸਿੰਘ ਗਿੱਲ ਮਲੋਟ ਰੋਡ 'ਤੇ ਉਸ ਜਗ੍ਹਾ 'ਤੇ ਪਹੁੰਚੇ ਜਿਥੇ ਇਕ ਮਾਨਸਿਕ ਤੌਰ 'ਤੇ ਬਿਮਾਰ ਔਰਤ ਸੜਕ 'ਤੇ ਖੜ੍ਹੇ ਵਾਹਨਾਂ 'ਤੇ ਪੱਥਰ ਸੁੱਟ ਰਹੀ ਸੀ | ਪੀ. ਸੀ. ਆਰ. ਪੁਲਿਸ ਵੀ ਮੌਕੇ 'ਤੇ ਪਹੁੰਚੀ | ਸਹਾਰਾ ਟੀਮ ਨੇ ਔਰਤ ਨੂੰ ਐਂਬੂਲੈਂਸ 'ਚ ਬਿਠਾ ਕੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਦਾਖਲ ਕਰਵਾਇਆ | ਸਹਾਰਾ ਟੀਮ ਮੈਂਬਰ ਨੇ ਦੱਸਿਆ ਕਿ ਔਰਤ ਪਰਸ ਰਾਮ ਨਗਰ, ਗਲੀ ਨੰਬਰ 30 ਦੀ ਰਹਿਣ ਵਾਲੀ ਹੈ | ਸਹਾਰਾ ਟੀਮ ਨੇ ਇਲਾਜ ਉਪਰੰਤ ਔਰਤ ਨੂੰ ਉਸ ਦੇ ਘਰ ਪਹੁੰਚਾਇਆ | ਪਰਿਵਾਰਿਕ ਮੈਂਬਰਾਂ ਅਨੁਸਾਰ ਔਰਤ ਦੋ ਦਿਨਾਂ ਤੋਂ ਘਰੋਂ ਲਾਪਤਾ ਸੀ ਤੇ ਉਸ ਦੀ ਭਾਲ ਕੀਤੀ ਜਾ ਰਹੀ ਸੀ |