ਮਾਨਸਾ, 26 ਜੂਨ (ਗੁਰਚੇਤ ਸਿੰਘ ਫੱਤੇਵਾਲੀਆ)- ਵਿਜੀਲੈਂਸ ਵਿਭਾਗ ਵਲੋਂ ਆਰ. ਟੀ. ਓ. ਦਫ਼ਤਰ ਮਾਨਸਾ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦੀ ਭਿਣਕ ਪੈਂਦਿਆਂ ਜਿੱਥੇ ਵਿਭਾਗ ਦੇ ਕਰਮਚਾਰੀ ਘਬਰਾਹਟ ‘ਚ ਨਜ਼ਰ ਆਏ ਉੱਥੇ ਕੰਮ-ਧੰਦਿਆਂ ਲਈ ਆਏ ਲੋਕਾਂ ਵਿਚ ਵੀ ਵੱਖਰੀ ਤਰ੍ਹਾਂ ਦੀ ਚਰਚਾ ਛਿੜ ਗਈ। ਡੀ. ਐਸ. ਪੀ. ਸੰਦੀਪ ਸਿੰਘ ਮਾਨਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉੱਚ ਅਧਿਕਾਰੀਆਂ ਦੀ ਹਦਾਇਤ ‘ਤੇ ਇਹ ਅਚਾਨਕ ਚੈਕਿੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਆਰ. ਟੀ. ਓ., ਡੀ. ਟੀ. ਓ., ਐਸ. ਓ. ਸਮੇਤ ਸੀਨੀਅਰ ਅਧਿਕਾਰੀ ਛੁੱਟੀ ‘ਤੇ ਹੋਣ ਕਾਰਨ ਉਨ੍ਹਾਂ ਨੂੰ ਜਲਦ ਹੀ ਰਿਕਾਰਡ ਚੈੱਕ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਕ ਸਵਾਲ ਦੇ ਵਿਚ ਉਨ੍ਹਾਂ ਕਿਹਾ ਕਿ ਗਊ ਕਰ ਸਬੰਧੀ ਉਨ੍ਹਾਂ ਕੋਲ ਕਿਸੇ ਵਲੋਂ ਕਿਸੇ ਕਿਸਮ ਦੀ ਸ਼ਿਕਾਇਤ ਨਹੀਂ ਆਈ। ਉਨ੍ਹਾਂ ਕਿਹਾ ਕਿ ਜੇਕਰ ਰਿਕਾਰਡ ਵਿਚ ਕੁਝ ਵੀ ਸਾਹਮਣੇ ਆਇਆ ਤਾਂ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।