ਬੁਢਲਾਡਾ, 28 ਜੂਨ (ਸਵਰਨ ਸਿੰਘ ਰਾਹੀ)- ਬਹੁਜਨ ਸਮਾਜ ਪਾਰਟੀ ਹਲਕਾ ਬੁਢਲਾਡਾ ਦੇ ਸਰਗਰਮ ਆਗੂਆਂ ਅਤੇ ਵਰਕਰਾਂ ਦੀ ਮੀਟਿੰਗ ਸਥਾਨਕ ਰਵਿਦਾਸੀਆ ਧਰਮਸ਼ਾਲਾ ਵਿਖੇ ਹੋਈ। ਹਲਕਾ ਆਗੂ ਅਵਤਾਰ ਸਿੰਘ ਕਟਾਰੀਆ ਨੇ ਦੱਸਿਆ ਕਿ ਜ਼ਿਲ੍ਹੇ ’ਚ ਪਾਰਟੀ ਦੀ ਮੌਜੂਦਾ ਸਥਿਤੀ ਤੇ ਪਾਰਟੀ ਦੀ ਬਿਹਤਰੀ ਲਈ ਖੁੱਲ੍ਹ ਕੇ ਵਿਚਾਰ ਵਟਾਂਦਰਾ ਕਰਦਿਆਂ ਲੰਘੀਆਂ ਨਗਰ ਕੌਂਸਲ ਚੋਣਾਂ ਸਮੇਂ ਪਾਰਟੀ ਦੀ ਜ਼ਿਲ੍ਹਾ ਪੱਧਰੀ ਅਤੇ ਸੂਬਾ ਪੱਧਰ ਦੇ ਕੁਝ ਆਗੂਆਂ ਦੀ ਨਾਕਾਰਾਤਮਕ ਕਾਰਗੁਜ਼ਾਰੀ ’ਤੇ ਤਿੱਖੇ ਸਵਾਲ ਖੜ੍ਹੇ ਕੀਤੇ ਗਏ। ਵੱਖ-ਵੱਖ ਬੁਲਾਰਿਆਂ ਨੇ ਪਾਰਟੀ ਦੀ ਮੌਜੂਦਾ ਜ਼ਿਲ੍ਹਾ ਪੱਧਰੀ ਲੀਡਰਸ਼ਿਪ ਦੀ ਕਾਰਗੁਜ਼ਾਰੀ ’ਤੇ ਕਟਾਖਸ਼ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਆਗੂਆਂ ਦੀ ਕੋਈ ਸਰਗਰਮੀ ਨਹੀਂ, ਸਗੋਂ ਇਨ੍ਹਾਂ ਦੀ ਅਗਵਾਈ ਹੇਠ ਪਾਰਟੀ ਢਹਿੰਦੀਆਂ ਕਲਾਂ ਵੱਲ ਜਾ ਰਹੀ ਹੈ। ਬਸਪਾ ਆਗੂ ਤੇਜਾ ਸਿੰਘ ਬਰੇਟਾ, ਗੁਰਮੇਲ ਸਿੰਘ ਬੋੜਾਵਾਲ, ਰਾਜਿੰਦਰ ਸਿੰਘ ਭੀਖੀ, ਸ਼ੇਰ ਸਿੰਘ ਸ਼ੇਰ ਅਤੇ ਅਵਤਾਰ ਸਿੰਘ ਕਟਾਰੀਆ ਨੇ ਜ਼ਿਲ੍ਹਾ ਪ੍ਰਧਾਨ ਤੇ ਜਨਰਲ ਸਕੱਤਰ ਦੇ ਪੜ੍ਹੇ-ਲਿਖੇ ਨਾ ਹੋਣ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਅਜਿਹੀਆਂ ਨਿਯੁਕਤੀਆਂ ਕਰਨ ਪਿੱਛੇ ਪਾਰਟੀ ਦੀ ਮਜਬੂਰੀ ਵੀ ਸਮਝੋਂ ਬਾਹਰ ਦੀ ਗੱਲ ਹੈ। ਉਨ੍ਹਾਂ ਪਾਰਟੀ ਹਾਈਕਮਾਨ ਨੂੰ ਅਪੀਲ ਕੀਤੀ ਕਿ ਪਾਰਟੀ ਦੀ ਬਿਹਤਰੀ ਲਈ ਜ਼ਿਲ੍ਹਾ ਪੱਧਰੀ ਟੀਮ ਦੀਆਂ ਨਿਯੁਕਤੀਆਂ ’ਤੇ ਮੁੜ ਨਜ਼ਰਸਾਨੀ ਕੀਤੀ ਜਾਵੇ । ਇਸ ਮੌਕੇ ਸਾਬਕਾ ਹਲਕਾ ਪ੍ਰਧਾਨ ਜਸਵੀਰ ਸਿੰਘ, ਕੌਂਸਲਰ ਸੰਦੀਪ ਕੌਰ, ਸੋਨੂੰ ਕਟਾਰੀਆ, ਮਾ. ਜਰਨੈਲ ਸਿੰਘ, ਲਛਮਣ ਸਿੰਘ, ਕੁੰਢਾ ਸਿੰਘ, ਮੱਖਣ ਸਿੰਘ, ਅਜੈਬ ਸਿੰਘ, ਗੋਰਾ ਸਿੰਘ ਅੱਕਾਂਵਾਲੀ, ਸੁਰਜੀਤ ਸਿੰਘ, ਜਸਵਿੰਦਰ ਕੁਲਾਣਾ, ਜਗਜੀਤ ਸਿੰਘ ਜੀਤਾ, ਕਸ਼ਮੀਰ ਸਿੰਘ ਆਦਿ ਹਾਜ਼ਰ ਸਨ।
ਬਸਪਾ ਆਗੂਆਂ ਨੇ ਜ਼ਿਲ੍ਹਾ ਪ੍ਰਧਾਨ ਤੇ ਜਨਰਲ ਸਕੱਤਰ ਦੀ ਕਾਰਗੁਜ਼ਾਰੀ ’ਤੇ ਚੁੱਕੇ ਸਵਾਲ
ਅਜੀਤ ਡੈਸਕ
29-06-2026