ਬੁਢਲਾਡਾ, 13 ਜੁਲਾਈ (ਸਵਰਨ ਸਿੰਘ ਰਾਹੀ)- ਸਥਾਨਕ ਗੁਰੂ ਨਾਨਕ ਕਾਲਜ ਵਿਖੇ ਪ੍ਰੋਫੈਸ਼ਨਲ ਅਤੇ ਵੋਕੇਸ਼ਨਲ ਕੋਰਸਾਂ ਦੇ ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਲਈ ਵਿਸ਼ੇਸ਼ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ, ਜਿਸ ’ਚ ਪਰਮਜੀਤ ਸਿੰਘ ਰਿਜਨਲ ਡਾਇਰੈਕਟਰ ਐਂਟਰਪ੍ਰਿਨਿਊਰਸ਼ਿਪ ਡਿਵੈਲਪਮੈਂਟ ਸੈੱਲ ਚੰਡੀਗੜ੍ਹ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਾਲਜ ਤੇ ਵਿਦਿਆਰਥੀਆਂ ਦੀਆਂ ਅਕਾਦਮਿਕ, ਖੇਡਾਂ, ਸਭਿਆਚਾਰਕ ਗਤੀਵਿਧੀਆਂ, ਪਲੇਸਮੈਂਟ ਅਤੇ ਹੋਰ ਵੱਖ-ਵੱਖ ਖੇਤਰਾਂ ’ਚ ਪ੍ਰਾਪਤ ਕੀਤੀਆਂ ਸ਼ਾਨਦਾਰ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਨੂੰ ਕਾਲਜ ਦੇ ਅਕਾਦਮਿਕ ਮਾਹੌਲ, ਆਧੁਨਿਕ ਬੁਨਿਆਦੀ ਢਾਂਚੇ, ਪ੍ਰਾਪਤੀਆਂ, ਨੀਤੀਆਂ, ਵਿਦਿਆਰਥੀ ਸਹਾਇਤਾ ਸੇਵਾਵਾਂ ਅਤੇ ਭਵਿੱਖੀ ਮੌਕਿਆਂ ਨਾਲ ਜਾਣੂ ਕਰਵਾਉਣਾ ਹੈ। ਪ੍ਰੋਗਰਾਮ ਦੇ ਮੁੱਖ ਬੁਲਾਰੇ ਪਰਮਜੀਤ ਸਿੰਘ ਵਲੋਂ ਵਿਦਿਆਰਥੀਆਂ ਨੂੰ ਕਰੀਅਰ ਯੋਜਨਾਬੰਦੀ, ਰੁਜ਼ਗਾਰ ਦੇ ਮੌਕਿਆਂ, ਉਦਮਤਾ, ਹੁਨਰ ਵਿਕਾਸ, ਨੌਕਰੀਆਂ ਅਤੇ ਪਲੇਸਮੈਂਟ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਵਿਦਿਆਰਥੀਆਂ ਨੂੰ ਬਦਲ ਰਹੀਆਂ ਉਦਯੋਗਿਕ ਲੋੜਾਂ ਅਨੁਸਾਰ ਆਪਣੇ ਪੇਸ਼ਾਵਰ ਅਤੇ ਤਕਨੀਕੀ ਹੁਨਰ ਵਿਕਸਿਤ ਕਰਨ ਤੇ ਨਵੀਨਤਾਕਾਰੀ ਸੋਚ ਅਪਣਾਉਣ ਲਈ ਪ੍ਰੇਰਿਤ ਕੀਤਾ। ਡਾ. ਤਨੂਪ੍ਰੀਤ ਕੌਰ ਸਕਾਲਰਸ਼ਿਪ ਇੰਚਾਰਜ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਸਕਾਲਰਸ਼ਿਪ ਸਕੀਮਾਂ ਅਤੇ ਵਿੱਤੀ ਸਹਾਇਤਾ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਓਰੀਐਂਟੇਸ਼ਨ ਪ੍ਰੋਗਰਾਮ ਸਾਡੇ ਲਈ ਬਹੁਤ ਹੀ ਜਾਣਕਾਰੀ ਭਰਪੂਰ ਅਤੇ ਲਾਭਦਾਇਕ ਸਾਬਤ ਹੋਇਆ ਜਿਸ ਨਾਲ ਉਨ੍ਹਾਂ ਨੇ ਬਦਲ ਰਹੀਆਂ ਉਦਯੋਗਿਕ ਲੋੜਾਂ ਅਨੁਸਾਰ ਅਕਾਦਮਿਕ ਸਿੱਖਿਆ ਹਾਸਲ ਕਰਨ ਬਾਰੇ ਬਹੁਤ ਕੁਝ ਸਿੱਖਿਆ ਹੈ।
ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਵੋਕੇਸ਼ਨਲ ਕੋਰਸਾਂ ਦੇ ਵਿਦਿਆਰਥੀਆਂ ਲਈ ਪ੍ਰੋਗਰਾਮ ਕਰਵਾਇਆ
ਅਜੀਤ ਡੈਸਕ
14-07-2026