ਸਰਦੂਲਗੜ੍ਹ, 1 ਜੁਲਾਈ (ਜੀ.ਐਮ. ਅਰੋੜਾ)- ਸਰਦੂਲਗੜ੍ਹ ਤੋਂ ਸਰਦੂਲੇਵਾਲਾ ਸੜਕ ’ਤੇ ਪਏ ਡੂੰਘੇ ਖੱਡੇ ਨਿੱਤ-ਰੋਜ਼ ਰਾਹਗੀਰਾਂ ਅਤੇ ਵਾਹਨ ਚਾਲਕਾਂ ਦੀ ਜਾਨ ਲਈ ਖ਼ਤਰਾ ਬਣ ਰਹੇ ਹਨ। ਇਸ ਸੰਬੰਧੀ ਸ਼੍ਰੋਮਣੀ ਅਕਾਲੀ ਦਲ (ਬ) ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਸੋਢੀ ਨੇ ਦੱਸਿਆ ਕਿ ਇੱਕ ਖ਼ਤਰਨਾਕ ਖੱਡੇ ਕਾਰਨ ਟਰੈਕਟਰ-ਟਰਾਲੀ ਦਾ ਹਿੱਸਾ ਟੁੱਟ ਗਿਆ। ਖ਼ੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਹ ਘਟਨਾ ਭਵਿੱਖ ’ਚ ਵੱਡੇ ਹਾਦਸੇ ਦਾ ਸੰਕੇਤ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਦੀ ਸਮੱਸਿਆ ਫੱਤਾ ਮਾਲੋਕਾ ਬੱਸ ਸਟੈਂਡ ਨੇੜੇ ਵੀ ਬਣੀ ਹੋਈ ਹੈ। ਉੱਚ ਅਧਿਕਾਰੀਆਂ ਦੇ ਕਈ ਵਾਰ ਧਿਆਨ ’ਚ ਲਿਆਉਣ ਦੇ ਬਾਵਜੂਦ ਹਾਲੇ ਤੱਕ ਸੜਕ ਦੀ ਮੁਰੰਮਤ ਨਹੀਂ ਕੀਤੀ ਗਈ। ਸੋਢੀ ਨੇ ਕਿਹਾ ਕਿ ਬਿਜਲੀ ਵਿਭਾਗ ਵਲੋਂ ਉੱਪਰੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਨੂੰ ਅੰਡਰਗਰਾਊਂਡ ਕਰਨ ਦਾ ਕੰਮ ਸਰਦੂਲਗੜ੍ਹ ਤੋਂ ਸਰਦੂਲੇਵਾਲਾ ਤੱਕ ਸੜਕ ਦੇ ਨਿਰਮਾਣ ਤੋਂ ਪਹਿਲਾਂ ਕੀਤਾ ਜਾਣਾ ਚਾਹੀਦਾ ਸੀ ਪਰ ਸੜਕ ਬਣਨ ਤੋਂ ਬਾਅਦ ਨਵੀਂ ਸੜਕ ਨੂੰ ਪੁੱਟ ਕੇ ਇਹ ਕੰਮ ਕੀਤਾ ਗਿਆ, ਜਿਸ ਕਾਰਨ ਸੜਕ ਦੇ ਦੋਵੇਂ ਪਾਸਿਆਂ ਡੂੰਘੇ ਖੱਡੇ ਪੈ ਗਏ ਹਨ। ਉਨ੍ਹਾਂ ਨੈਸ਼ਨਲ ਹਾਈਵੇ ਅਥਾਰਿਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਸਰਦੂਲਗੜ੍ਹ-ਮਾਨਸਾ ਰੋਡ ਸਮੇਤ ਫੱਤਾ ਮਾਲੋਕਾ ਬੱਸ ਸਟੈਂਡ ਨੇੜੇ ਬਣੇ ਖੱਡਿਆਂ ਦੀ ਤੁਰੰਤ ਅਤੇ ਪੱਕੇ ਤੌਰ ’ਤੇ ਮੁਰੰਮਤ ਕਰਵਾਈ ਜਾਵੇ ਤਾਂ ਜੋ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।