116 ਬੋਤਲਾਂ ਸ਼ਰਾਬ ਬਰਾਮਦ
ਅਜੀਤ ਡੈਸਕ
02-07-2026
ਮਾਨਸਾ, 1 ਜੁਲਾਈ (ਸ.ਰਿ.)- ਥਾਣਾ ਭੀਖੀ ਪੁਲਿਸ ਨੇ ਰਾਜ ਸਿੰਘ ਵਾਸੀ ਅਤਲਾ ਖ਼ੁਰਦ ਤੋਂ 24 ਬੋਤਲਾਂ ਠੇਕਾ ਦੇਸੀ ਸ਼ਾਹੀ ਹਰਿਆਣਾ ਮਾਰਕਾ, ਥਾਣਾ ਬੋਹਾ ਪੁਲਿਸ ਨੇ ਗੋਰਾ ਸਿੰਘ ਵਾਸੀ ਭੰਮੇ ਕਲਾਂ ਕੋਲੋਂ 72 ਬੋਤਲਾਂ ਹੀਰ ਸੌਂਫੀ ਹਰਿਆਣਾ ਅਤੇ ਸਰਬਜੀਤ ਸਿੰਘ ਵਾਸੀ ਰਾਮਪੁਰ ਮੰਡੇਰ ਤੋਂ 20 ਬੋਤਲਾਂ ਸ਼ਾਹੀ ਹਰਿਆਣਾ ਮਾਰਕਾ ਸ਼ਰਾਬ ਬਰਾਮਦ ਕੀਤੀ ਹੈ। ਤਿੰਨਾਂ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।
ਜ਼ਿਲ੍ਹਾ ਰੂਰਲ ਯੂਥ ਕਲੱਬਜ਼ ਐਸੋਸੀਏਸ਼ਨ ਨੇ ਸਮਾਗਮ ਕਰਵਾਇਆ
ਮਾਨਸਾ, 1 ਜੁਲਾਈ (ਸ.ਰਿ.)- ਜ਼ਿਲ੍ਹਾ ਰੂਰਲ ਯੂਥ ਕਲੱਬਜ਼ ਐਸੋਸੀਏਸ਼ਨ ਮਾਨਸਾ ਵਲੋਂ ਸੰਸਥਾ ਨਾਲ ਜੁੜੇ ਨਵੇਂ ਮੈਂਬਰਾਂ ਦੇ ਸਵਾਗਤ ਲਈ ਸਮਾਗਮ ਕਰਵਾਇਆ ਗਿਆ। ਪ੍ਰਧਾਨ ਰਜਿੰਦਰ ਵਰਮਾ ਨੇ ਕਿਹਾ ਕਿ ਸੰਸਥਾ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਸਮਾਜ ਸੇਵਾ, ਸਿੱਖਿਆ, ਖੇਡਾਂ, ਵਾਤਾਵਰਣ ਸੰਭਾਲ, ਨਸ਼ਾ ਮੁਕਤੀ, ਖ਼ੂਨਦਾਨ, ਕਾਨੂੰਨੀ ਜਾਗਰੂਕਤਾ ਅਤੇ ਹੋਰ ਲੋਕ ਭਲਾਈ ਦੇ ਕਾਰਜਾਂ ਨਾਲ ਜੋੜਨਾ ਹੈ। ਉਨ੍ਹਾਂ ਕਿਹਾ ਕਿ ਮੈਂਬਰਾਂ ਦੇ ਸ਼ਾਮਿਲ ਹੋਣ ਨਾਲ ਸੰਸਥਾ ਨੂੰ ਹੋਰ ਮਜ਼ਬੂਤੀ ਮਿਲਣ ਦੇ ਨਾਲ ਹੀ ਪਿੰਡਾਂ ‘ਚ ਸਮਾਜ ਸੇਵਾ ਦੇ ਕਾਰਜਾਂ ਨੂੰ ਨਵੀਂ ਦਿਸ਼ਾ ਅਤੇ ਗਤੀ ਮਿਲੇਗੀ। ਸੰਸਥਾ ‘ਚ ਸ਼ਾਮਿਲ ਹੋਏ ਮੈਂਬਰ ਸੀਮਾ ਸ਼ਰਮਾ, ਸੋਨੀਆ ਰਾਣੀ, ਨਿਰਭੈ ਸਿੰਘ, ਪੂਨਮ ਸ਼ਰਮਾ, ਅਮਰੀਕ ਸਿੰਘ, ਮਿੰਟੀ ਬਰੇਟਾ, ਰਾਜਵਿੰਦਰ ਕੌਰ, ਸੁਰਿੰਦਰ ਸਿੰਘ, ਗੁਰਪ੍ਰੀਤ ਸਿੰਘ ਨੰਗਲ ਤੇ ਵਰਸਾ ਰਾਣੀ ਨੇ ਭਰੋਸਾ ਦਿਵਾਇਆ ਕਿ ਉਹ ਐਸੋਸੀਏਸ਼ਨ ਦੀ ਬਿਹਤਰੀ ਲਈ ਤਨਦੇਹੀ ਨਾਲ ਕੰਮ ਕਰਨਗੇ। ਇਸ ਮੌਕੇ ਹਰਪਾਲ ਕੌਰ ਰੇਖਾ, ਰਿੰਪੀ ਆਦਿ ਹਾਜ਼ਰ ਸਨ।
ਚਿੱਟੇ ਸਮੇਤ ਕਾਬੂ
ਮਾਨਸਾ, 1 ਜੁਲਾਈ (ਸ.ਰਿ.)- ਥਾਣਾ ਸ਼ਹਿਰੀ-1 ਮਾਨਸਾ ਪੁਲਿਸ ਨੇ ਦਾਣਾ ਮੰਡੀ ਕੋਲ ਜਰਨੈਲ ਸਿੰਘ ਵਾਸੀ ਜਵਾਹਰਕੇ ਨੂੰ ਕਾਬੂ ਕਰ ਕੇ ਉਸ ਕੋਲੋਂ 6.50 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ। ਉਸ ਖ਼ਿਲਾਫ਼ ਐਨ. ਡੀ. ਪੀ. ਐਸ. ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।