ਜੋਗਾ, 16 ਜੁਲਾਈ (ਘੜੈਲੀ)- ਪਿੰਡ ਝੱਬਰ ਦੇ ਦਲਿਤ ਬੇਰੁਜ਼ਗਾਰ ਨੌਜਵਾਨ ਤੋਂ ਰਾਸ਼ਨ ਡਿਪੂ ਖੋਹ ਕੇ ਸਿਆਸੀ ਸ਼ੈਅ ‘ਤੇ ਹੋਰ ਵਿਅਕਤੀ ਨੂੰ ਦੇ ਦਿੱਤਾ ਹੈ, ਜਿਸ ਦੇ ਵਿਰੋਧ ‘ਚ ਹਲਕਾ ਮਾਨਸਾ ਦੇ ਵਿਧਾਇਕ ਦੇ ਘਰ ਅੱਗੇ ਪੱਕਾ ਮੋਰਚਾ ਲਗਾਇਆ ਜਾਵੇਗਾ। ਇਹ ਐਲਾਨ ਝੱਬਰ ਵਿਖੇ ਮਜ਼ਦੂਰ ਮੁਕਤੀ ਮੋਰਚਾ (ਆਜ਼ਾਦ) ਵਲੋਂ ਕੀਤੀ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਸੱਤਾ ‘ਤੇ ਬੈਠ ਲਗਾਤਾਰ ਦਲਿਤਾਂ ਤੋਂ ਸੰਵਿਧਾਨਕ ਹੱਕ ਖੋਹਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਪਹਿਲਾਂ ਇਨ੍ਹਾਂ ਨੇ ਲਾਅ ਦੀਆਂ ਅਸਾਮੀਆਂ ‘ਚੋਂ ਰਾਖਵਾਂਕਰਨ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਅਤੇ ਹੁਣ ਲੈਕਚਰਾਰ ਦੀਆਂ ਅਸਾਮੀਆਂ ‘ਚੋਂ ਵੀ ਐਸ. ਸੀ. ਵਿਦਿਆਰਥੀਆਂ ਨੂੰ ਬਾਹਰ ਰੱਖਿਆ ਹੈ। ਉਨ੍ਹਾਂ ਕਿਹਾ ਕਿ ਗਰੀਬ ਲੋਕਾਂ ਦਾ ਨਾ ਨਵਾਂ ਰਾਸ਼ਨ ਕਾਰਡ ਬਣਦਾ ਹੈ ਅਤੇ ਨਾ ਹੀ ਕਾਰਡ ‘ਤੇ ਨਵੇਂ ਮੈਂਬਰਾਂ ਦੇ ਨਾਂਅ ਚੜ੍ਹਦੇ ਹਨ। ਰੈਲੀ ਨੂੰ ਭੋਲਾ ਸਿੰਘ ਝੱਬਰ, ਜੱਗਾ ਸਿੰਘ ਉੱਭਾ, ਲਾਡੀ ਸਿੰਘ ਰੱਲਾ, ਸੋਨੂੰ ਸਿੰਘ ਝੱਬਰ ਆਦਿ ਨੇ ਸੰਬੋਧਨ ਕੀਤਾ।
ਦਲਿਤ ਬੇਰੁਜ਼ਗਾਰ ਨੌਜਵਾਨ ਤੋਂ ਰਾਸ਼ਨ ਡਿਪੂ ਖੋਹਣ ਦੇ ਵਿਰੋਧ ’ਚ ਸੰਘਰਸ਼ ਕਰਨ ਦਾ ਐਲਾਨ
ਅਜੀਤ ਡੈਸਕ
17-07-2026